ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਗਸਤ, 2023: ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐੱਸ.ਏ.ਐੱਸ.ਨਗਰ ਮਿਸ ਗੀਤੀਕਾ ਸਿੰਘ (ADC Geetika Singh) ਨੇ ਸਾਲ 2023 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ, ਇਸ ਦੇ ਸੁਚੱਜੇ ਪ੍ਰਬੰਧਨ ਲਈ ਮੁੱਖ ਖੇਤੀਬਾੜੀ ਅਫ਼ਸਰ, ਸਮੂਹ ਉਪ ਮੰਡਲ ਮੈਜਿਸਟਰੇਟ, ਸਹਿਕਾਰਤਾ ਵਿਭਾਗ, ਪ੍ਰਦੂਸ਼ਣ ਰੋਕਥਾਮ ਬੋਰਡ, ਫੂਡ ਤੇ ਸਪਲਾਈ ਵਿਭਾਗ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਉਨ੍ਹਾਂ ਨੇ ਜਿਲ੍ਹੇ ਦੇ ਉੱਪ ਮੰਡਲ ਮੈਜਿਸਟਰੇਟਸ ਨੂੰ ਕਿਹਾ ਕਿ ਬਲਾਕ ਪੱਧਰ ਤੇ ਕਿਸਾਨ ਸਿਖਲਾਈ ਕੈਂਪ ਅਯੋਜਿਤ ਕੀਤੇ ਜਾਣ ਅਤੇ ਉਹਨਾਂ ਕੈਂਪਾਂ ਵਿੱਚ ਨਿੱਜੀ ਤੌਰ ਤੇ ਹਿਸਾ ਲਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ, ਉਨ੍ਹਾਂ ਪਿੰਡਾਂ ਵਿੱਚ ਝੋਨੇ ਦੀ ਅਗੇਤੀ ਕਟਾਈ ਹੁੰਦੀ ਹੈ, ਇਸ ਲਈ ਇਨ੍ਹਾਂ ਪਿੰਡਾਂ ਵਿੱਚ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਲਈ ਬੇਲਰ ਮਾਲਕਾਂ ਅਤੇ ਸਬੰਧਤ ਇੰਡਸਟਰੀ ਨਾਲ ਤਾਲਮੇਲ ਕਰਕੇ ਪਰਾਲੀ ਦੀਆਂ ਗੰਢਾਂ ਤਿਆਰ ਕਰਵਾਈਆਂ ਜਾਣ।
ਉਨ੍ਹਾਂ (ADC Geetika Singh) ਨੇ ਸਖ਼ਤ ਹਦਾਇਤ ਕੀਤੀ ਕਿ ਖੇਤੀ ਕਰਦੇ ਸਰਕਾਰੀ ਮੁਲਾਜਮ, ਸਰਪੰਚ, ਪੰਚਾਇਤ ਮੈਂਬਰ, ਨੰਬਰਦਾਰ ਅਤੇ ਸਾਹਿਕਾਰਤਾ ਵਿਭਾਗ ਦੇ ਸਮੂਹ ਸਕੱਤਰ ਅਤੇ ਸੇਲਜਮੈਨ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਅਤੇ ਇਸਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣਗੇ। ਜਿਹੜੇ ਪਿੰਡਾਂ ਵਿੱਚ ਪਿਛਲੇ ਸਾਲਾਂ ਦੌਰਾਨ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਉਨ੍ਹਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤੇ ਜਾਣ ਕਿਹਾ ਅਤੇ ਇਹ ਵੀ ਕਿਹਾ ਕਿ ਗ੍ਰਾਮ ਪੰਚਾਇਤਾਂ/ਸਾਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਦੇ ਪ੍ਰਣ ਸਮਾਗਮ ਕਰਵਾ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵੱਲੋਂ ਸਰਫੇਸ ਸੀਡਰ ਨਾਂ ਦੀ ਮਸ਼ੀਨ ਇਸ ਸਾਲ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆਂ ਕਰਵਾਈ ਜਾ ਰਹੀ ਹੈ। ਇਹ ਮਸ਼ੀਨ ਘੱਟ ਪਾਵਰ ਵਾਲੇ ਟਰੈਕਟਰ ਨਾਲ ਬੜੀ ਅਸਾਨੀ ਨਾਲ ਚੱਲ ਸਕਦੀ ਹੈ ਅਤੇ 2 ਏਕੜ ਪ੍ਰਤੀ ਘੰਟਾ ਬਿਜਾਈ ਕਰਨ ਨਾਲ 15 ਤੋਂ 16 ਏਕੜ ਪ੍ਰਤੀ ਦਿਨ ਕਣਕ ਦੀ ਬਿਜਾਈ ਕਰਨ ਦੇ ਸਮੱਰਥ ਹੈ। ਇਸ ਮਸ਼ੀਨ ਦੀ ਖਰੀਦ ਲਈ ਘੱਟ ਅਰਜੀਆਂ ਪ੍ਰਾਪਤ ਹੋਣ ਕਰਕੇ ਮਸ਼ੀਨ ਦੀ ਸਬਸਿਡੀ ਤੇ ਖਰੀਦ ਕਰਨ ਲਈ ਸਰਕਾਰ ਪਾਸੋਂ ਆਨ-ਲਾਈਨ ਅਰਜੀਆਂ ਪ੍ਰਾਪਤ ਕਰਨ ਲਈ ਸਮੇਂ ਵਿੱਚ ਵਾਧਾ ਕੀਤੇ ਜਾਣ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਸ ਦੀ ਖਰੀਦ ਲਈ ਅਰਜੀਆਂ ਦੇਣ ਸਬੰਧੀ ਤਾਰੀਖ ਬਾਰੇ ਜਲਦ ਹੀ ਅਖਬਾਰਾਂ ਰਾਹੀਂ ਸੂਚਨਾਂ ਮੁਹੱਈਆਂ ਕਰਨ ਬਾਰੇ ਵੀ ਦੱਸਿਆ।