ਪਟਿਆਲਾ, 03 ਅਗਸਤ, 2023: ਨਾਭਾ (Nabha) ਦੇ ਅਲਹੌਰਾਂ ਗੇਟ ਇਲਾਕੇ ‘ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਇਲਾਕਾ ਨਿਵਾਸੀਆਂ ਵਿਚਾਲੇ ਝੜੱਪ ਜੰਗ ਦੇ ਮੈਦਾਨ ‘ਚ ਤਬਦੀਲ ਹੋ ਗਈ । ਵਾਇਰਲ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੋਕ ਕਿਸੇ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦੇ ਹਮਲਾ ਕਰ ਰਹੇ ਹਨ। ਜਿਸ ਵਿੱਚ ਨੌਜਵਾਨਾਂ ਤੋਂ ਲੈ ਕੇ ਔਰਤਾਂ ਵੀ ਇਸ ਲੜਾਈ ਵਿੱਚ ਸ਼ਾਮਲ ਹੋਈਆਂ। ਲੜਾਈ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ ਅਤੇ ਦੋਵੇਂ ਧਿਰਾਂ ਇੱਕ-ਦੂਜੇ ‘ਤੇ ਲੜਾਈ ਦੇ ਦੋਸ਼ ਲਗਾ ਰਹੀਆਂ ਹਨ। ਇਸ ਲੜਾਈ ਵਿੱਚ ਕੁਝ ਲੋਕਾਂ ਦੇ ਸੱਟਾਂ ਵੀ ਲੱਗੀਆਂ ਹਨ, ਜਿਨ੍ਹਾਂ ਦਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਸ ਮੌਕੇ ਪਹਿਲੀ ਧਿਰ ਦੇ ਅਲਫਾਜ਼ ਅਤੇ ਉਸ ਦੀ ਮਾਤਾ ਮਨਜੀਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੇ ਲੜਕੇ ’ਤੇ ਹਮਲਾ ਹੋਇਆ ਸੀ। ਅੱਜ ਫਿਰ ਉਨ੍ਹਾਂ ਨੇ ਹਮਲਾ ਕਰ ਦਿੱਤਾ। ਅੱਜ ਵੀ ਉਨ੍ਹਾਂ ਨੇ ਸਾਡੇ ‘ਤੇ ਇੱਟਾਂ-ਪੱਥਰਾਂ, ਡੰਡਿਆਂ ਅਤੇ ਡਾਂਗਾਂ ਨਾਲ ਹਮਲਾ ਕੀਤਾ ਅਤੇ ਸਾਨੂੰ ਡਰ ਹੈ ਕਿ ਉਹ ਸਾਨੂੰ ਮਾਰ ਦੇਣਗੇ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਾਂ ਪਰ ਪੁਲਿਸ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ।
ਇਸ ਸਬੰਧੀ ਦੂਜੇ ਧਿਰ ਤੋਂ ਗੋਬਿੰਦਾ ਅਤੇ ਉਸ ਦੀ ਮਮਤਾ ਨੇ ਕਿਹਾ ਕਿ ਉਹ ਸਾਡੇ ‘ਤੇ ਝੂਠੇ ਦੋਸ਼ ਲਗਾ ਰਹੇ ਹਨ ਕਿ ਅਸੀਂ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਕੀਤੀ ਹੈ ਪਰ ਅਸੀਂ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਜੇਕਰ ਕੁੱਟਮਾਰ ਕੀਤੀ ਹੈ ਤਾਂ ਸਬੂਤ ਦਿਓ। ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਕਿਉਂਕਿ ਸਾਡੀ ਪੰਚਾਇਤ ਨੇ ਅੱਜ ਦਾ ਸਮਾਂ ਦਿੱਤਾ ਸੀ ਪਰ ਪੰਚਾਇਤ ਬੈਠਣ ਤੋਂ ਪਹਿਲਾਂ ਲੜਾਈ ਹੋ ਗਈ।