July 5, 2024 12:45 am
Financial Literacy Week

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਹਫਤਾ- 2024 ਦਾ ਕੀਤਾ ਉਦਘਾਟਨ

ਚੰਡੀਗੜ੍ਹ 27 ਫਰਵਰੀ 2024: ਵਿੱਤੀ ਸਾਖਰਤਾ ਹਫਤਾ (Financial Literacy Week), 2016 ਤੋਂ, ਆਰਬੀਆਈ ਦੀ ਇੱਕ ਸਾਲਾਨਾ ਪਹਿਲ ਹੈ, ਜਿਸਦਾ ਉਦੇਸ਼ ਇੱਕ’ ਟਾਰਗੇਟੇਡ ਮੁਹਿੰਮ ਦੁਆਰਾ ਵਿੱਤੀ ਮੁੱਦਿਆਂ ‘ਤੇ ਜਾਗਰੂਕ ਕਰਨਾ ਹੈ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਨੌਜਵਾਨਾਂ ਨੂੰ ਨਿੱਜੀ ਵਿੱਤ ਦੀਆਂ ਗੁੰਝਲਾਂ ਨਾਲ ਨਜਿੱਠਣ ਅਤੇ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਅਤੇ ਸਫਲਤਾ ਲਈ ਇੱਕ ਮਜ਼ਬੂਤ ਵਿੱਤੀ ਬੁਨਿਆਦ ਬਣਾਉਣ ਲਈ ਸ਼ਕਤੀਕਰਨ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ।

ਆਰਬੀਆਈ ਦੇ ਚੰਡੀਗੜ੍ਹ ਦਫ਼ਤਰ ਦੁਆਰਾ, ਵਿੱਤੀ ਸਾਖਰਤਾ -2024 (Financial Literacy Week) ਦਾ ਉਦਘਾਟਨ 26 ਫਰਵਰੀ 2024 ਨੂੰ ਕੀਤਾ ਗਿਆ । ਵਿਵੇਕ ਸ਼੍ਰੀਵਾਸਤਵ, ਖੇਤਰੀ ਨਿਦੇਸ਼ਕ, ਭਾਰਤੀ ਰਿਜ਼ਰਵ ਬੈਂਕ (ਹਰਿਆਣਾ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍) ਸਮਾਗਮ ਵਿੱਚ ਹਾਜ਼ਰ ਸਨ ਅਤੇ ਉਹਨਾਂ ਨੇ ਹੋਰ ਮਾਣਯੋਗ ਸ਼ਖ਼ਸੀਅਤਾਂ, ਜਿਵੇਂ ਕਿ ਵਿਨੋਦ ਜੈਸਵਾਲ, ਸੀਜੀਐਮ (ਐਸਬੀਆਈ), ਰਘੂਨਾਥ ਬੀ, ਸੀਜੀਐਮ (ਨਾਬਾਰਡ), ਵਪਾਰਕ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ, ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਰਾਜ ਪੱਧਰੀ ਬੈਂਕਰਜ਼ ਕਮੇਟੀ ਦੇ ਕਨਵੀਨਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਵਿੱਤੀ ਸਾਖਰਤਾ ਸਲਾਹਕਾਰਾਂ ਦੇ ਨਾਲ ਪ੍ਰੋਗਰਾਮ ਦਾ ਉਦਘਾਟਨ ਵੀ ਕੀਤਾ।

ਉਦਘਾਟਨ ‘ਤੇ ਬੋਲਦੇ ਹੋਏ ਵਿਵੇਕ ਸ਼੍ਰੀਵਾਸਤਵ ਨੇ ਵਿੱਤੀ ਸਾਖਰਤਾ ਦੀ ਇਸ ਯਾਤਰਾ ਨੂੰ ਸ਼ੁਰੂ ਕਰਨ ਤੋਂ ਬਾਅਦ ਦੇਸ਼ ਦੁਆਰਾ ਕੀਤੀ ਗਈ ਤਰੱਕੀ ‘ਤੇ ਚਾਨਣ ਪਾਇਆ। ਉਹਨਾਂ ਨੇ ਦੱਸਿਆ ਕਿ ਇਹ ਸਾਰੇ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਅਤੇ ਵਚਨਬੱਧਤਾ ਦਾ ਨਤੀਜਾ ਹੈ ਅਤੇ ਇਸ ਪਹਿਲੂ ਵਿੱਚ ਸ਼ਾਨਦਾਰ ਭੂਮਿਕਾ ਲਈ ਬੈਂਕਿੰਗ ਪਰਿਵਾਰ ਦੀ ਸਰਾਹਣਾ ਕੀਤੀ । ਹਾਲਾਂਕਿ, ਉਹਨਾਂ ਨੇ ਇਹ ਵੀ ਕਿਹਾ ਕਿ “ਇਹ ਇੱਕ ਨਿਰੰਤਰ ਯਾਤਰਾ ਹੈ ਅਤੇ ਜਿਵੇਂ-ਜਿਵੇਂ ਅਰਥ ਵਿਵਸਥਾ ਵਧਦੀ ਹੈ ਅਤੇ ਨਿਵੇਸ਼ ਤੇ ਬੱਚਤ ਦੇ ਗੈਰ-ਰਵਾਇਤੀ ਰਸਤੇ ਲੋਕਪ੍ਰਿਯ ਹੁੰਦੇ ਹਨ, ਵਿੱਤੀ ਸਾਖਰਤਾ ਦੀਆਂ ਬਾਰੀਕੀਆਂ ਵੀ ਬਦਲ ਜਾਣਗੀਆਂ ।

ਉਨ੍ਹਾਂ ਨੇ ਸਾਈਬਰ ਧੋਖਾਧੜੀ, ਜੋ ਕਿ ਅੱਜ ਇੱਕ ਵੱਡਾ ਖ਼ਤਰਾ ਹੈ, ਬਾਰੇ ਵਿੱਤੀ ਸਾਖਰਤਾ ਫੈਲਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਇਸ ਯਤਨ ਵਿੱਚ ਨੌਜਵਾਨਾਂ ਨੂੰ ਮਾਸਕਟ ਬਣਾਉਣ ਲਈ ਕਿਹਾ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਵਿੱਤੀ ਸਾਖਰਤਾ ਦੇ ਨਾਲ ਨੌਜਵਾਨਾਂ ਨੂੰ ਸਮਰੱਥ ਬਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ, ਉਹਨਾਂ ਨੂੰ ਆਪਣੇ ਪੈਸੇ ਦੇ ਪ੍ਰਬੰਧਨ, ਵਿੱਤੀ ਟੀਚੇ ਨਿਰਧਾਰਤ ਕਰਨ ਅਤੇ ਭਵਿੱਖ ਲਈ ਯੋਜਨਾ ਬਣਾਉਣ ਬਾਰੇ ਫੈਸਲੇ ਲੈਣ ਦੇ ਯੋਗ ਬਣਾਉਂਦੀ ਹੈ ।

ਐੱਫ.ਐੱਲ.ਡਬਲ‍ਯੂ- 2024 ਦੇ ਪ੍ਰਭਾਵ ਨੂੰ ਵਧਾਉਣ ਲਈ, ਇਸ ਸਾਲ ਦੀ ਥੀਮ ਨਾਲ ਸਬੰਧਤ ਜ਼ਰੂਰੀ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਲਈ ਆਰਬੀਆਈ ਦੁਆਰਾ ਪੋਸਟਰਾਂ ਅਤੇ ਆਡੀਓ ਵਿਜ਼ੁਅਲਸ ਸਮੇਤ ਦਿਲਚਸਪ ਸਮੱਗਰੀ ਤਿਆਰ ਕੀਤੀ ਗਈ ਹੈ। ਬੈਂਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਡਿਜੀਟਲ ਪਲੇਟਫਾਰਮ, ਏਟੀਐਮ, ਮੋਬਾਈਲ ਐਪਲੀਕੇਸ਼ਨਾਂ ਰਾਹੀਂ ਜਾਗਰੂਕਤਾ ਫੈਲਾਉਣ ਅਤੇ ਆਪਣੀਆਂ ਸ਼ਾਖਾਵਾਂ ਵਿੱਚ ਵਿੱਤੀ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਕਰਨ ।

ਆਰਬੀਆਈ ਪੂਰੇ ਹਫ਼ਤੇ ਵਿੱਚ ਇੱਕ ਕੇਂਦਰੀ ਜਨ ਮੀਡੀਆ ਮੁਹਿੰਮ ਵੀ ਚਲਾਏਗਾ, ਜਿਸ ਵਿੱਚ ਜ਼ਰੂਰੀ ਵਿੱਤੀ ਜਾਗਰੂਕਤਾ ਸੰਦੇਸ਼ਾਂ ਦਾ ਪ੍ਰਸਾਰ ਕੀਤਾ ਜਾਵੇਗਾ । ਇਸ ਤੋਂ ਇਲਾਵਾ, ਵਿਆਪਕ ਭਾਗੀਦਾਰੀ ਅਤੇ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਬਣਾਉਣ ਵਾਲੇ ਆਊਟਰੀਚ ਪ੍ਰੋਗਰਾਮ ਕਰਵਾਏ ਜਾਣਗੇ।