July 4, 2024 9:09 pm
WATER RESOURCES DEPARTMENT

ਜਲ ਸਰੋਤ ਵਿਭਾਗ ਵੱਲੋਂ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ: ਮੀਤ ਹੇਅਰ

ਚੰਡੀਗੜ੍ਹ, 11 ਜੁਲਾਈ 2023: ਲਗਾਤਾਰ ਤੇ ਨਿਰੰਤਰ ਮੀਂਹ ਅਤੇ ਜਲ ਭੰਡਾਰਾਂ ਦੇ ਵਧੇ ਪੱਧਰ ਕਾਰਨ ਸੂਬੇ ਵਿੱਚ ਪੈਦਾ ਹੋਈ ਸਥਿਤੀ ਬਹਾਲ ਨਜਿੱਠਣ ਲਈ ਜਲ ਸਰੋਤ ਵਿਭਾਗ (WATER RESOURCES DEPARTMENT) ਵੱਲੋਂ ਕੰਮ ਜੰਗੀ ਪੱਧਰ ਉਤੇ ਜਾਰੀ ਹਨ ਅਤੇ ਸੰਵੇਦਨਸ਼ੀਲ ਥਾਂਵਾਂ ਉਤੇ ਵਾਧੂ ਸਟਾਫ ਨੂੰ ਤਾਇਨਾਤ ਕਰਨ ਦੇ ਨਾਲ ਲੋੜੀਂਦੇ ਤਰਜੀਹੀ ਕੰਮਾਂ ਨੂੰ ਪਹਿਲ ਦੇ ਆਧਾਰ ਉਤੇ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਵਿਭਾਗ ਤੋਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਹੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਰਾਹਤ ਕਾਰਜਾਂ ਵਿੱਚ ਢਿੱਲ ਨਹੀਂ ਵਰਤੀ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਕਰਮਚਾਰੀ ਜਿੱਥੇ ਵੱਖ-ਵੱਖ ਦਰਿਆਵਾਂ, ਨਹਿਰਾਂ, ਨਾਲਿਆਂ ਅਤੇ ਕੁਦਰਤੀ ਵਹਾਅ ਵਾਲੇ ਰਸਤਿਆਂ ਉੱਤੇ ਨਿਰੰਤਰ ਚੌਕਸੀ ਰੱਖਦੇ ਹੋਏ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ, ਉਥੇ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਣੀ ਵਿਚ ਡੁੱਬੇ ਬਿਜਲੀ ਗਰਿੱਡਾਂ ਉੱਤੇ ਇਕੱਠੇ ਹੋਏ ਪਾਣੀ ਦਾ ਨਿਕਾਸ ਕੀਤਾ ਜਾ ਰਿਹਾ ਹੈ। ਹੁਣ ਤੱਕ ਤਿੰਨ ਵੱਡੇ ਬਿਜਲੀ ਗਰਿੱਡਾਂ ਉੱਤੇ ਪਾਣੀ ਦੀ ਨਿਕਾਸੀ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਜਲ ਸਰੋਤ ਵਿਭਾਗ (WATER RESOURCES DEPARTMENT)  ਅਤੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾੜ ਵਾਲੀਆਂ ਜਾਂ ਖ਼ਤਰੇ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਜਿੱਥੇ ਖਾਲੀ ਥੈਲੇ ਅਤੇ ਮਿੱਟੀ ਨਾਲ ਭਰੀਆਂ ਬੋਰੀਆਂ ਭੇਜੀਆਂ ਜਾ ਰਹੀਆਂ ਹਨ। ਇਸ ਕੰਮ ਲਈ ਮਗਨਰੇਗਾ ਕਾਮਿਆਂ ਦੀ ਮਦਦ ਲਈ ਜਾਵੇਗੀ। ਪਾਣੀ ਦਾ ਪੱਧਰ ਘਟਣ ਉੱਤੇ ਤੁਰੰਤ ਇਹ ਕੰਮ ਕੀਤਾ ਜਾਵੇਗਾ।

ਸਤਲੁਜ ਦਰਿਆ ਉੱਤੇ ਧੁੱਸੀ ਬੰਨ੍ਹ ਵਿਚ ਪਾੜ ਪੈ ਜਾਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪਾੜ ਪੂਰਨ ਲਈ ਦੂਜੇ ਸਟੇਸ਼ਨਾਂ ਉੱਤੇ ਤਾਇਨਾਤ ਐਕਸੀਅਨ ਅਤੇ ਉਹਨਾਂ ਦੀਆਂ ਟੀਮਾਂ ਨੂੰ ਉਕਤ ਥਾਵਾਂ ਉਤੇ ਤਾਇਨਾਤ ਕਰ ਦਿੱਤਾ ਗਿਆ ਹੈ। ਸੈਨਾ, ਐਨ ਡੀ ਆਰ ਐਫ, ਮੰਡੀ ਬੋਰਡ ਦੀ ਮਦਦ ਨਾਲ ਦੋ ਥਾਵਾਂ ਉੱਤੇ ਪਾੜ ਪੂਰੇ ਜਾ ਰਹੇ ਹਨ।

ਜਲ ਸਰੋਤ ਮੰਤਰੀ ਨੇ ਅੱਗੇ ਕਿਹਾ ਕਿ ਟਰਾਈਸਿਟੀ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਜੌਲੀ ਵਾਟਰ ਵਰਕਸ ਵਿਖੇ ਨੁਕਸਾਨੀਆਂ ਪਾਈਪਾਂ ਦੀ ਤੇਜ਼ੀ ਨਾਲ ਮੁਰੰਮਤ ਕਰਨ ਲਈ ਗਮਾਡਾ ਅਤੇ ਨਗਰ ਨਿਗਮ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ।ਮੀਤ ਹੇਅਰ ਨੇ ਕਿਹਾ ਕਿ ਵਿਭਾਗ ਵੱਲੋਂ ਸਾਰੇ ਡੈਮਾਂ ਵਿੱਚ ਪਾਣੀ ਦੇ ਪੱਧਰ ਅਤੇ ਦਰਿਆਵਾਂ/ਨਹਿਰਾਂ ਦੀ ਸਥਿਤੀ ਉਤੇ ਪਲ-ਪਲ ਦੀ ਨਿਗ੍ਹਾਂ ਰੱਖੀ ਜਾ ਰਹੀ ਹੈ।