ਚੰਡੀਗੜ੍ਹ, 05 ਅਪ੍ਰੈਲ 2024: ਭਾਰਤੀ ਰਿਜ਼ਰਵ ਬੈਂਕ (Reserve Bank of India) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁੱਖ ਵਿਆਜ ਦਰਾਂ ‘ਤੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਆਰਬੀਆਈ MPC ਨੇ ਵਿਆਜ ਦਰਾਂ ਯਾਨੀ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ।
ਵਿੱਤੀ ਸਾਲ 2024-25 (FY25) ਵਿੱਚ ਇਹ ਆਰਬੀਆਈ MPC ਦੀ ਪਹਿਲੀ ਘੋਸ਼ਣਾ ਹੈ। ਕੇਂਦਰੀ ਬੈਂਕ ਨੇ ਪਿਛਲੀਆਂ ਲਗਾਤਾਰ ਛੇ ਐਮਪੀਸੀ ਬੈਠਕਾਂ ਵਿੱਚ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਸੱਤਵੀਂ ਬੈਠਕ ‘ਚ ਵੀ ਰੈਪੋ ਰੇਟ ਨੂੰ 6.5 ਫੀਸਦੀ ‘ਤੇ ਹੀ ਰੱਖਿਆ ਗਿਆ ਹੈ। RBI MPC ਦੀ ਤਿੰਨ ਦਿਨਾਂ ਬੈਠਕ 3 ਅਪ੍ਰੈਲ ਨੂੰ ਸ਼ੁਰੂ ਹੋਈ ਸੀ।
ਆਰਬੀਆਈ (Reserve Bank of India) ਗਵਰਨਰ ਨੇ ਕਿਹਾ ਕਿ ਵਿੱਤੀ ਸਾਲ 25 ਵਿੱਚ ਜੀਡੀਪੀ ਵਿਕਾਸ ਦਰ 7% ਰਹਿਣ ਦਾ ਅਨੁਮਾਨ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਮੰਗ ਮਜ਼ਬੂਤ ਹੋ ਰਹੀ ਹੈ। ਨਿੱਜੀ ਖਪਤ ਵੀ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 6.8 ਫੀਸਦੀ ਤੋਂ ਵਧਾ ਕੇ 6.9 ਫੀਸਦੀ ਕਰ ਦਿੱਤਾ ਗਿਆ ਹੈ।