July 2, 2024 8:54 pm
Giani Dit Singh

ਸਿੱਖ ਕੌਮ ਦੇ ਹੀਰੇ ਗਿਆਨੀ ਦਿੱਤ ਸਿੰਘ ਜੀ ਨੂੰ ਯਾਦ ਕਰਦਿਆਂ…

ਗਿਆਨੀ ਦਿੱਤ ਸਿੰਘ ਗੁਰਮਤਿ ਪ੍ਰਚਾਰ ਸਭਾ ਸਮਰਾਲਾ

ਦਿੱਤ ਸਿੰਘ, ਗਿਆਨੀ (1853-1901 ਈ.): ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ , ਭਾਸ਼ਣਕਾਰ, ਅਤੇ ਪੱਤਰਕਾਰ ਗਿਆਨੀ ਦਿੱਤ ਸਿੰਘ ਦਾ ਜਨਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਦੇ ਸ. ਦੀਵਾਨ ਸਿੰਘ ਦੇ ਘਰ ਮਾਈ ਰਾਮ ਕੌਰ ਦੀ ਕੁੱਖੋਂ 21 ਅਪ੍ਰੈਲ 1853 ਈ. (ਦੂਜਾ ਸਰੋਤ 1850 ਈ.) ਵਿਚ ਹੋਇਆ। ਇਸ ਦੇ ਬਚਪਨ ਦਾ ਨਾਂ ਦਿੱਤਾ ਰਾਮ ਸੀ ਅਤੇ ਰਵਿਦਾਸੀਆ ਜਾਤੀ ਨਾਲ ਸੰਬੰਧਿਤ ਸੀ। ਇਸ ਦੇ ਪਿਤਾ ਗੁਲਾਬਦਾਸੀਏ ਮਤ ਪ੍ਰਤਿ ਵਿਸ਼ੇਸ਼ ਝੁਕਾਓ ਰਖਦੇ ਸਨ। ਫਲਸਰੂਪ ਇਸ ਨੂੰ ਪਹਿਲਾਂ ਅੰਬਾਲਾ ਜ਼ਿਲ੍ਹਾ ਦੇ ਪਿੰਡੇ ਤਿਉੜ ਵਿਚ ਸੰਤ ਗੁਰਬਖ਼ਸ਼ ਸਿੰਘ ਗੁਲਾਬਦਾਸੀਏ ਪਾਸ ਭੇਜਿਆ ਗਿਆ।

ਉਸ ਵੇਲੇ ਇਸ ਦੀ ਉਮਰ ਨੌਂ ਸਾਲ ਦੀ ਸੀ। ਉਥੇ ਇਸ ਨੇ ਪੰਜ ਗ੍ਰੰਥੀ , ਦਸਗ੍ਰੰਥੀ, ਬਾਈ ਵਾਰਾਂ , ਭਗਤ ਬਾਣੀ , ਭਾਈ ਗੁਰਦਾਸ ਦੀ ਬਾਣੀ ਆਦਿ ਦਾ ਅਧਿਐਨ ਕੀਤਾ। ਉਥੇ ਲਗਭਗ ਛੇ ਸਾਲ ਰਿਹਾ। ਉਪਰੋਕਤ ਤੋਂ ਇਲਾਵਾ ਇਸ ਦੌਰਾਨ ਇਸ ਨੇ ਉਰਦੂ, ਪੰਜਾਬੀ , ਪਿੰਗਲ, ਵਿਆਕਰਣ, ਵੇਦਾਂਤ ਅਤੇ ਨੀਤੀ-ਸ਼ਾਸਤ੍ਰ ਦਾ ਬੋਧ ਵੀ ਪ੍ਰਾਪਤ ਕੀਤਾ। ਹੋਰ ਵਿਦਿਆ ਦੀ ਪ੍ਰਾਪਤੀ ਲਈ ਸੰਤ ਦੇਸਾ ਸਿੰਘ ਗੁਲਾਬਦਾਸੀਏ ਪਾਸ ਲਾਹੌਰ ਗਿਆ।

ਉਥੇ ਭਾਰਤੀ ਦਰਸ਼ਨ, ਮਿਥਿਹਾਸ ਅਤੇ ਕਾਵਿ-ਸ਼ਾਸਤ੍ਰ ਦਾ ਡੂੰਘਾ ਅਧਿਐਨ ਕੀਤਾ ਅਤੇ ਛੋਟੀ ਉਮਰ ਵਿਚ ਹੀ ਬ੍ਰਜ ਭਾਸ਼ਾ ਤੋਂ ਪ੍ਰਭਾਵਿਤ ਕਵਿਤਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੀ ਬੁੱਧੀ ਬੜੀ ਤੇਜ਼ ਅਤੇ ਬੋਲਾਂ ਵਿਚ ਬਹੁਤ ਜ਼ੋਰ ਸੀ। ਇਸ ਤਰ੍ਹਾਂ ਇਹ ਇਕ ਸਫਲ ਗੁਲਾਬਦਾਸੀਆ ਪ੍ਰਚਾਰਕ ਬਣ ਗਿਆ। ਉਧਰ ਗੁਲਾਬਦਾਸੀ ਮਤ ਵਾਲਿਆਂ ਦਾ ਆਰਯ ਸਮਾਜੀਆਂ ਨਾਲ ਸੰਪਰਕ ਸੀ। ਇਸ ਲਈ ਇਸ ਨੂੰ ਵੀ ਆਰਯ ਸਮਾਜ ਦਾ ਪ੍ਰਚਾਰ ਕਰਨਾ ਪਿਆ। ਪਰ ਲਾਹੌਰ ਨਿਵਾਸ ਵੇਲੇ ਇਹ ਪ੍ਰੋ. ਗੁਰਮੁਖ ਸਿੰਘ ਦੇ ਸੰਪਰਕ ਵਿਚ ਆਇਆ ਅਤੇ ਉਨ੍ਹਾਂ ਦੀ ਪ੍ਰੇਰਣਾ ਨਾਲ ਸਿੰਘ ਸਭਾ ਲਾਹੌਰ ਵਿਚ ਸ਼ਾਮਲ ਹੋ ਗਿਆ। ਇਸ ਨੇ ਸਾਰੀ ਉਮਰ ਸਿੱਖ ਧਰਮ ਦੇ ਉਥਾਨ ਲਈ ਲਗਾ ਦਿੱਤੀ।

ਇਸ ਦੇ ਜੀਵਨ ਦਾ ਮੁੱਖ ਉਦੇਸ਼ ਸੀ ਸਿੱਖ ਧਰਮ ਦੇ ਸ਼ੁੱਧ ਸਰੂਪ ਨੂੰ ਨਿਤਾਰ ਕੇ ਪੇਸ਼ ਕਰਨਾ ਅਤੇ ਸਿੱਖ ਇਤਿਹਾਸ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਇਸ ਢੰਗ ਨਾਲ ਚਿਤਰਨਾ ਕਿ ਉਨ੍ਹਾਂ ਵਿਚੋਂ ਵਰਤਮਾਨ ਦੀਆਂ ਸਮਸਿਆਵਾਂ ਦਾ ਹਲ ਲਭਿਆ ਜਾ ਸਕੇ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਸ ਨੇ ਪੱਤਰਕਾਰੀ ਨੂੰ ਮਾਧਿਅਮ ਬਣਾਇਆ ਅਤੇ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਸੰਨ 1886 ਈ. ‘ਖ਼ਾਲਸਾ ਅਖ਼ਬਾਰ’ ਸ਼ੁਰੂ ਕੀਤੀ। ਇਸ ਦੀਆਂ ਬਹੁਤੀਆਂ ਰਚਨਾਵਾਂ ਪਹਿਲਾਂ ‘ਖ਼ਾਲਸਾ ਅਖ਼ਬਾਰ’ ਵਿਚ ਹੀ ਛਪਦੀਆਂ ਸਨ।

ਗਿਆਨੀ ਦਿੱਤ ਸਿੰਘ ਇਕ ਪ੍ਰਭਾਵਸ਼ਾਲੀ ਵਕਤਾ ਸੀ। ਇਸ ਦੇ ਭਾਸ਼ਣ ਅਨੇਕ ਸਰੋਤਿਆਂ ਨੂੰ ਸ਼ਰਧਾਲੂ ਬਣਾ ਦਿੰਦੇ ਸਨ। ਸ਼ਾਸਤ੍ਰਾਰਥ ਵਿਚ ਵੀ ਇਹ ਬਹੁਤ ਪ੍ਰਬੀਨ ਸੀ। ਗੱਲ ਨੂੰ ਦਲੀਲ ਨਾਲ ਪੁਸ਼ਟ ਕਰਕੇ ਇਤਨੀ ਠੁਕ ਨਾਲ ਕਹਿੰਦਾ ਸੀ ਕਿ ਵਿਰੋਧੀ ਲੋਕ ਨਿਰੁੱਤਰ ਹੋ ਜਾਂਦੇ ਸਨ। ਇਸ ਨੇ ਸੁਆਮੀ ਦਯਾ ਨੰਦ ਨਾਲ ਤਿੰਨ ਵਾਰੀ ਸ਼ਾਸਤ੍ਰਾਰਥ ਕਰਕੇ ਉਸ ਨੂੰ ਪਛਾੜਿਆ ਸੀ। ਮੂਲ ਰੂਪ ਵਿਚ ਇਹ ਕਵੀ ਸੀ ਅਤੇ ਕਵਿਤਾ ਵਿਚ ਇਸ ਨੇ ਭਾਈ ਸੁਬੇਗ ਸਿੰਘ , ਭਾਈ ਮਹਿਤਾਬ ਸਿੰਘ ਮੀਰਾਕੋਟੀਆ, ਭਾਈ ਤਾਰੂ ਸਿੰਘ, ਭਾਈ ਬੋਤਾ ਸਿੰਘ, ਭਾਈ ਤਾਰਾ ਸਿੰਘ ਵਾਂ ਆਦਿ ਦੇ ਸ਼ਹੀਦੀ ਪ੍ਰਸੰਗ ਲਿਖੇ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਿਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਚਰਿਤਾਂ ਉਤੇ ਕਲਮ ਆਜ਼ਮਾਈ। ਪਰ ਇਸ ਦੀ ਵਿਸ਼ੇਸ਼ ਦੇਣ ਉਹ ਵਾਰਤਕ ਰਚਨਾ ਹੈ ਜੋ ਸਮਕਾਲੀ ਅਤੇ ਧਾਰਮਿਕ ਵਾਦ-ਵਿਵਾਦ ਤੋਂ ਪੈਦਾ ਹੋਈਆਂ ਸਮਸਿਆਵਾਂ ਦੇ ਸਮਾਧਾਨ ਲਈ ਲਿਖੀ ਗਈ ਸੀ। ਇਸ ਪ੍ਰਕਾਰ ਦੀਆਂ ਲਗਭਗ ਡੇਢ ਦਰਜਨ ਪੁਸਤਕਾਂ ਉਪਲਬਧ ਹਨ। ਇਸ ਦੀਆਂ ਕੁਝ ਉੱਲੇਖਯੋਗ ਪੁਸਤਕਾਂ ਹਨ—ਦੰਭ ਬਿਦਾਰਨ, ਦੁਰਗਾ ਪ੍ਰਬੋਧ , ਪੰਥ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਤੇ ਸਾਧੂ ਦਯਾਨੰਦ ਦਾ ਸੰਬਾਦ, ਨਕਲੀ ਸਿੱਖ ਪ੍ਰਬੋਧ, ਪੰਥ ਸੁਧਾਰ ਬਿਨੈ ਪੱਤਰ ।

ਇਸ ਦੀ ਸਸ਼ਕਤ ਪ੍ਰਚਾਰ ਮੁਹਿੰਮ ਨੇ ਅੰਮ੍ਰਿਤਸਰ ਸਿੰਘ ਸਭਾ ਦੇ ਸਨਾਤਨੀ ਧੜੇ ਨੂੰ ਹਲੂਣ ਦਿੱਤਾ। ਇਸ ਨੇ ‘ਸਵਪਨ ਨਾਟਕ ’ ਨਾਂ ਦੀ ਪੁਸਤਕ ਲਿਖ ਕੇ ਸਿੰਘ ਸਭਾ ਅੰਮ੍ਰਿਤਸਰ ਦੇ ਮੁਖੀਆਂ ਦੀ ਖ਼ੂਬ ਖਿਲੀ ਉਡਾਈ। ਫਲਸਰੂਪ, ਸੰਨ 1887 ਈ. ਵਿਚ ਇਸ ਨੂੰ ਉਸ ਧੜੇ ਨੇ ਅਕਾਲ ਤਖ਼ਤ , ਦਰਬਾਰ ਸਾਹਿਬ , ਬਾਬਾ ਅੱਟਲ, ਝੰਡਾ ਬੁੰਗਾ ਅਤੇ ਸ਼ਹੀਦਗੰਜ ਦੇ ਪੁਜਾਰੀਆਂ ਦੁਆਰਾ ਹੁਕਮਨਾਮਾ ਜਾਰੀ ਕਰਵਾ ਕੇ ਪੰਥ ਤੋਂ ਛੇਕ ਦਿੱਤਾ। ਇਸ ਉਤੇ ਬਾਵਾ ਉਦੈ ਸਿੰਘ ਬੇਦੀ ਨੇ ਮਾਨਹਾਨੀ ਦਾ ਮੁਕੱਦਮਾ ਚਲਾਇਆ। ਲਗਭਗ ਇਕ ਸਾਲ ਮੁਕੱਦਮਾ ਚਲਿਆ ਅਤੇ ਅੰਤ ਵਿਚ ਹਰ ਪ੍ਰਕਾਰ ਦੀ ਸਜ਼ਾ ਤੋਂ ਮੁਕਤ ਕਰ ਦਿੱਤਾ ਗਿਆ। ਪਰ ਇਸ ਦੌਰਾਨ ‘ਖ਼ਾਲਸਾ ਅਖ਼ਬਾਰ’ ਬੰਦ ਹੋ ਗਿਆ। ਕਾਫ਼ੀ ਮਾਲੀ ਸੰਕਟ ਵਿਚੋਂ ਲਿੰਘਣਾ ਪਿਆ। ਮਹਾਰਾਜਾ ਨਾਭਾ ਦੀ ਮਾਇਕ ਸਹਾਇਤਾ ਨਾਲ ਅਖ਼ਬਾਰ ਫਿਰ ਜਾਰੀ ਕੀਤਾ ਗਿਆ ਅਤੇ ਦਿੱਤ ਸਿੰਘ ਨੇ ਬੜੀ ਦਲੇਰੀ ਨਾਲ ਵਿਰੋਧੀਆਂ ਦੇ ਪ੍ਰਚਾਰ ਦਾ ਖੰਡਨ ਕੀਤਾ।

ਸੰਨ 1887 ਈ. ਵਿਚ ਕਪੂਰਥਲਾ ਦੇ ਕੰਵਰ ਬਿਕ੍ਰਮਾ ਸਿੰਘ ਦੇ ਦੇਹਾਂਤ ਨਾਲ ਲਾਹੌਰ ਸਿੰਘ ਸਭਾ ਨੂੰ ਕਾਫ਼ੀ ਧੱਕਾ ਲਗਾ, ਪਰ ਫਿਰ ਵੀ ਇਸ ਦੇ ਆਗੂ ਸੰਭਲ ਗਏ। ਇਸ ਤੋਂ ਬਾਦ ਸੰਨ 1895 ਈ. ਵਿਚ ਸਰ ਅਤਰ ਸਿੰਘ ਭਦੌੜ ਅਤੇ ਸੰਨ 1896 ਈ. ਵਿਚ ਪ੍ਰੋਫੈਸਰ ਗੁਰਮੁਖ ਸਿੰਘ ਦੇ ਗੁਜ਼ਰਨ ਨਾਲ ਇਸ ਸਭਾ ਦੇ ਹਾਲਾਤ ਨਿਘਰਦੇ ਗਏ ਅਤੇ 6 ਸਤੰਬਰ 1901 ਈ. ਨੂੰ ਧਰਮ-ਸੁਧਾਰ ਲਈ ਜੂਝਦਿਆਂ ਗਿਆਨੀ ਦਿੱਤ ਸਿੰਘ ਦਾ ਜਿਗਰ ਦੀ ਬੀਮਾਰੀ ਕਾਰਣ ਦੇਹਾਂਤ ਹੋ ਗਿਆ। ਇਸ ਦੇ ਚਲਾਣੇ ਨਾਲ ਪੰਥ ਦਾ ਇਕ ਸਿਰਮੌਰ ਪ੍ਰਚਾਰਕ ਅਤੇ ਪ੍ਰਵਕਤਾ ਪਿੜੋਂ ਨਿਕਲ ਗਿਆ ਅਤੇ ਇਸ ਨਾਲ ਲਾਹੌਰ ਸਿੰਘ ਸਭਾ ਲਗਭਗ ਖ਼ਤਮ ਹੋ ਗਈ।

ਇਸ ਨੇ 50 ਵਰ੍ਹਿਆਂ ਦੀ ਉਮਰ ਵਿਚ ਵੀ ਸਿੱਖ ਪੰਥ ਦੇ ਸੁਧਾਰ ਅਤੇ ਵਿਕਾਸ ਲਈ ਇਤਨਾ ਕੰਮ ਕੀਤਾ ਜਿਸ ਦੀ ਇਕ ਸੰਸਥਾ ਪਾਸੋਂ ਵੀ ਆਸ ਨਹੀਂ ਕੀਤੀ ਜਾ ਸਕਦੀ। ਇਸ ਦੇ ਚਲਾਣੇ ਤੋਂ ਬਾਦ ਕੁਝ ਸਮਾਰਕ ਸਥਾਪਿਤ ਕਰਨ ਦਾ ਉੱਦਮ ਕੀਤਾ ਗਿਆ। ਇਸ ਦੇ ਵਿਅਕਤਿਤਵ ਦੀ ਘਾਟ ਨੂੰ ਮਹਿਸੂਸ ਕਰਦਿਆਂ ਇਕ ਕਵੀ ਨੇ ਲਿਖਿਆ ਸੀ :

ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ,

ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ।

ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ,

ਅਜ ਤਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ।

ਐਸਾ ਕੌਣ ਬੀਰ ਜੀਹ ਨੇ ਭਰਮ ਲੀਰ ਲੀਰ ਕੀਤੇ,

ਆਈ ਅਜ ਯਾਦ ਉਸ ਸਿੰਘ ਸਭਾ ਬਾਨੀ ਦੀ।

ਭਾਵੇਂ ਉਹ ਦੀ ਪਾਈ ਨਾ ਕਦਰ ਪੂਰੀ ਪੰਥ ਨੇ ਹੈ,

ਭਾਸੇ ਅਜ ਲੋੜ ਫੇਰ ਦਿਤ ਸਿੰਘ ਗਿਆਨੀ ਦੀ।

(ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼,) ਪਟਿਆਲਾ।
…..
!!!ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਨ ਮੁਬਾਰਕ ਹੋਵੇ!!!