Prithipal Singh Kapoor

ਉੱਘੇ ਸਿੱਖ ਵਿਦਵਾਨ ਪ੍ਰੋਫ਼ੈਸਰ ਪ੍ਰਿਥੀਪਾਲ ਸਿੰਘ ਕਪੂਰ ਨੂੰ ਯਾਦ ਕਰਦਿਆਂ…

ਲਿਖਾਰੀ
ਡਾ.ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉੱਘੇ ਸਿੱਖ ਵਿਦਵਾਨ ਪ੍ਰੋਫ਼ੈਸਰ ਪ੍ਰਿਥੀਪਾਲ ਸਿੰਘ ਕਪੂਰ
(7 ਨਵੰਬਰ 1932 – 7 ਸਤੰਬਰ 2023)

ਪ੍ਰੋਫ਼ੈਸਰ ਪ੍ਰਿਥੀਪਾਲ ਸਿੰਘ ਕਪੂਰ ਇਕ ਉੱਘੇ ਸਿੱਖ ਵਿਦਵਾਨ ਸਨ, ਜਿਨ੍ਹਾਂ ਨੇ ਅਕਾਦਮਿਕ ਅਤੇ ਵਿਸ਼ੇਸ਼ ਤੌਰ ’ਤੇ ਸਿੱਖ ਅਧਿਐਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਦਿੱਲੀ ਯੂਨੀਵਰਸਿਟੀ ਦੇ ਸ੍ਰੀ ਰਾਮ ਕਾਲਜ ਆਫ਼ ਕਾਮਰਸ ਤੋਂ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਧਰਮ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਦੀ ਪਦਵੀ ਤੱਕ ਪਹੁੰਚਣ ਦੇ ਸਮੇਂ ਦੌਰਾਨ ਇਹਨਾਂ ਨੇ ਨੈਸ਼ਨਲ ਆਰਕਾਈਵਜ਼, ਦਿੱਲੀ; ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ, ਖ਼ਾਲਸਾ ਕਾਲਜ, ਅੰਮ੍ਰਿਤਸਰ; ਗੌਰਮਿੰਟ ਕਾਲਜ, ਹੁਸ਼ਿਆਰਪੁਰ; ਰਾਮਗੜ੍ਹੀਆ ਕਾਲਜ, ਫਗਵਾੜਾ; ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁੱਕ ਬੋਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਆਦਿ ਵਿੱਦਿਅਕ ਅਦਾਰਿਆਂ ਵਿਖੇ ਕਾਰਜ ਕੀਤਾ ਹੈ।

7 ਸਤੰਬਰ 2023 ਨੂੰ ਅਕਾਲ ਚਲਾਣਾ ਕਰ ਜਾਣ ’ਤੇ ਸਮੁੱਚੇ ਸਿੱਖ ਜਗਤ ਵਿਚ ਸ਼ੋਕ ਪੈਦਾ ਹੋਇਆ ਉੱਥੇ ਨਾਲ ਹੀ ਸਭਨਾਂ ਦਾ ਧਿਆਨ ਇਹਨਾਂ ਦੁਆਰਾ ਸਿੱਖ ਇਤਿਹਾਸ ਵਿਚ ਪਾਏ ਯੋਗਦਾਨ ਵੱਲ ਖਿੱਚਿਆ ਗਿਆ। ਵਿਭਿੰਨ ਸਿੱਖ ਸੰਸਥਾਵਾਂ ਵੱਲੋਂ ਸ਼ੋਕ ਮਤੇ ਪਾ ਕੇ ਇਹਨਾਂ ਦੇ ਅਕਾਲ ਚਲਾਣੇ ’ਤੇ ਅਫਸੋਸ ਪ੍ਰਗਟ ਕਰਦਿਆਂ ਇਹਨਾਂ ਦੁਆਰਾ ਸਿੱਖ ਅਕਾਦਮਿਕ ਜਗਤ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਸਿੱਖ ਪੰਥ ਦੀ ਇਹ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਦੋਵੇਂ ਪੰਜਾਬਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੇ ਦਰਸ਼ਨ ਕੀਤੇ ਸਨ ਅਤੇ ਜਦੋਂ ਉਹਨਾਂ ਵਿਚ ਵੰਡੀਆਂ ਪੈਂਦੀਆਂ ਦੇਖੀਆਂ ਤਾਂ ਘਟਨਾਵਾਂ ਨੂੰ ਕਲਮਬੰਦ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
ਦਿੱਲੀ ਦੇ ਆਰਕਾਇਵਜ਼ ਵਿਭਾਗ ਵਿਖੇ ਇਹਨਾਂ ਨੇ ਡਾ. ਐਸ. ਐਨ. ਸੇਨ ਦੀ ਨਿਗਰਾਨੀ ਅਧੀਨ The Punjab in 1857 ਵਿਸ਼ੇ ’ਤੇ ਆਪਣਾ ਖੋਜ ਕਾਰਜ ਅਰੰਭ ਕੀਤਾ ਸੀ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਹਨਾਂ ਨੂੰ Contribution of the Sikhs towards Freedom Movement ਵਿਸ਼ੇ ’ਤੇ ਖੋਜ ਕਾਰਜ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਇਹ ਖੋਜ ਕਾਰਜ ਕਰਦਿਆਂ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਚੀਫ਼ ਖ਼ਾਲਸਾ ਦੀਵਾਨ ਨਾਲ ਸੰਬੰਧਿਤ ਮਹੱਤਵਪੂਰਨ ਪੁਰਾਤਨ ਦਸਤਾਵੇਜ਼ ਲੱਭੇ ਜਿਹੜੇ ਕਿ ਸਿੱਖ ਇਤਿਹਾਸ ਦੇ ਵਿਿਭੰਨ ਪਹਿਲੂਆਂ ਦੀ ਜਾਣਕਾਰੀ ਪ੍ਰਦਾਨ ਕਰਦੇ ਸਨ।
ਇਹਨਾਂ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਵਿਚ ਵੀ ਇਹਨਾਂ ਨੇ ਯੋਗਦਾਨ ਪਾਇਆ ਸੀ। ਇਹਨਾਂ ਨੇ ਇਕ ਸਿੱਖ ਵਿਦਵਾਨ ਵਜੋਂ ਆਪਣੀ ਪਛਾਣ ਕਾਇਮ ਕੀਤੀ ਜਿਸ ਨੂੰ ਅਕਾਦਮਿਕ ਜਗਤ ਦੇ ਨਾਲ-ਨਾਲ ਸਿੱਖਾਂ ਦੀ ਰਾਜਨੀਤਿਕ ਸ਼੍ਰੇਣੀ ਨੇ ਵੀ ਪ੍ਰਵਾਨ ਕਰ ਲਿਆ ਸੀ ਜਿਸ ਕਰਕੇ ਇਹਨਾਂ ਨੂੰ ਅਕਾਦਮਿਕ ਕਾਨਫ਼ਰੰਸਾਂ, ਸੈਮੀਨਾਰਾਂ ਅਤੇ ਪੰਥਕ ਮਸਲਿਆਂ ਨਾਲ ਸੰਬੰਧਿਤ ਮੀਟਿੰਗਾਂ ਵਿਚ ਅਕਸਰ ਦੇਖਿਆ ਜਾਂਦਾ ਸੀ। ਪੰਜਾਬ ਵਿਖੇ ਚੱਲੀ ਅਕਾਲੀ ਲਹਿਰ ਅਤੇ ਅਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਵਾਲੀਆਂ ਸ਼ਖ਼ਸੀਅਤਾਂ ਨਾਲ ਇਹਨਾਂ ਦੇ ਨਿੱਘੇ ਸੰਬੰਧ ਰਹੇ ਜਿਸ ਦੇ ਚੱਲਦਿਆਂ ਇਹਨਾਂ ਨੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਨਿਰੰਜਣ ਸਿੰਘ, ਭਾਈ ਪਰਮਾਨੰਦ ਝਾਂਸੀ, ਹਰੀ ਸਿੰਘ ਜਲੰਧਰੀ, ਮਾਸਟਰ ਮੋਤਾ ਸਿੰਘ ਜਿਹੀਆਂ ਸ਼ਖ਼ਸੀਅਤਾਂ ਦੀ ਇੰਟਰਵਿਊ ਕਰਨ ਦਾ ਸਫ਼ਲ ਯਤਨ ਕੀਤਾ ਸੀ।
ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ’ਤੇ ਕੰਮ ਕਰਦਿਆਂ ਇਹਨਾਂ ਨੇ ਪੰਜਾਬੀ ਭਾਸ਼ਾ ਵਿਚ ਜਿਹੜੀਆਂ ਪੁਸਤਕਾਂ ਦੀ ਰਚਨਾ ਕੀਤੀ ਉਹਨਾਂ ਵਿਚ ਜੱਸਾ ਸਿੰਘ ਰਾਮਗੜ੍ਹੀਆ (1957), ਪੰਜਾਬ ਦਾ ਇਤਿਹਾਸ (1962), ਪੰਜਾਬ ਦਾ ਵਿਰਸਾ (1963), ਮਾਸਟਰ ਤਾਰਾ ਸਿੰਘ :
ਇਤਿਹਾਸਕ ਪੱਖ ਤੋਂ (1968), ਹਰੀ ਸਿੰਘ ਨਲਵਾ, ਕਰਤਾਰਪੁਰ ਦਾ ਵਿਰਸਾ (2021), ਧਰਮ ਰੱਖਿਅਕ ਗੁਰੂ ਤੇਗ਼ ਬਹਾਦਰ (2022) ਆਦਿ ਪੁਸਤਕਾਂ ਸ਼ਾਮਲ ਹਨ।
ਅੰਗਰੇਜ਼ੀ ਭਾਸ਼ਾ ਵਿਚ ਇਹਨਾਂ ਨੇ Guru Nanak in Paintings (1969), Guru Nanak at Sultanpur Lodhi (in collaboration with Gurdip Singh, 1969), The Khalsa (in collaboration with Dr. Dharam Singh, 2000), Master Tara Singh and his reminiscences (2015) ਆਦਿ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ।
ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਅਤੇ ਪਹਿਲਾਂ ਹੋ ਚੁੱਕੇ ਕਾਰਜਾਂ ਨੂੰ ਨਵੇਂ ਸਿਰਿਉਂ ਸਮਝਣ ਲਈ ਇਹਨਾਂ ਨੇ ਜਿਹੜੀਆਂ ਪੁਸਤਕਾਂ ਦੀ ਸੰਪਾਦਨਾ ਕੀਤੀ ਹੈ ਉਹਨਾਂ ਵਿਚ ਇਹ ਪੁਸਤਕਾਂ ਸ਼ਾਮਲ ਹਨ – The Divine Master by Sewa Ram (1989), Perspective on Hari Singh Nalwa (Seminar Papers, 1993), Maharaja Duleep Singh : The Last Sovereign Ruler of the Punjab (Seminar Papers, 1990), Life and Exploits of Banda Singh Bahadur by Sohan Singh (1905), Perspectives on Sikhism (Seminar Papers, 2001), Maharaja Ranjit Singh Commemoration Volume on Bi-Centenary of his Coronation (ed. in collaboration with Dr. Dharam Singh, 2001), Maharani Jind Kaur by M.L. Ahluwalia (2001), Maharaja Ranjit Singh : The French Connection by J.M. Lafont (2002), Maharaja Ranjit Singh by Sita Ram Kohli (2002), Janamsakhi Tradition : Analytical Study by Dr. Kirpal Singh (2003), History and Philosophy of the Sikh Religion by Khazan Singh (2005), The Sikh Martyrs by Bhagat Lakshman Singh (2006), Sketch of the Sikhs by Malcolm (2007), Guru Arjan’s Contribution : Martyrdom and Legacy (ed. in collaboration with Dr. Mohinder Singh 2009), Jassa Singh Ramgarhia (2012) ਅਕਾਲੀ ਦਰਸ਼ਨ (2015), ੲਟਚ. ਪੁਸਤਕਾਂ ਦੀ ਸੰਪਾਦਨਾ ਦੇ ਨਾਲ-ਨਾਲ ਇਹਨਾਂ ਨੇ The News Graph Weekly ਅਤੇ Ajit English Weekly ਆਦਿ ਰਸਾਲਿਆਂ ਦੀ ਸੰਪਾਦਨਾ ਵਿਚ ਵੀ ਯੋਗਦਾਨ ਪਾਇਆ।
ਕਪੂਰ ਸਾਹਿਬ ਸਿੱਖ ਵਿਦਵਾਨਾਂ ਦੀ ਉਸ ਪੀੜ੍ਹੀ ਵਿਚ ਸ਼ਾਮਲ ਸਨ ਜਿਹੜੇ ਇਸ ਖਿੱਤੇ ਦੀ ਵਿਰਾਸਤ ਅਤੇ ਸੱਭਿਆਚਾਰ ਦੇ ਨਾਲ-ਨਾਲ ਪ੍ਰਮੁੱਖ ਭਾਸ਼ਾਵਾਂ ਸੰਬੰਧੀ ਗਹਿਰ ਗੰਭੀਰ ਜਾਣਕਾਰੀ ਰੱਖਦੇ ਸਨ। ਅੰਗਰੇਜ਼ੀ, ਪੰਜਾਬੀ, ਹਿੰਦੀ ਦੇ ਨਾਲ-ਨਾਲ ਫ਼ਾਰਸੀ ਇਸ ਖਿੱਤੇ ਦੀ ਇਕ ਅਜਿਹੀ ਭਾਸ਼ਾ ਸੀ ਜਿਹੜੀ ਕਿ ਸਰਕਾਰੀ ਪੱਧਰ ’ਤੇ ਪ੍ਰਮੁੱਖਤਾ ਪ੍ਰਾਪਤ ਕਰ ਚੱੁਕੀ ਸੀ। ਗੁਰੂ ਸਾਹਿਬਾਨ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਲਗ-ਪਗ ਚਾਰ ਸਦੀਆਂ ਇਸ ਇਲਾਕੇ ਵਿਚ ਫ਼ਾਰਸੀ ਭਾਸ਼ਾ ਪ੍ਰਮੁੱਖਤਾ ਨਾਲ ਬੋਲੀ ਅਤੇ ਪੜ੍ਹੀ ਜਾਂਦੀ ਸੀ। ਰਾਜ ਦੀ ਸਰਕਾਰੀ ਭਾਸ਼ਾ ਹੋਣ ਕਰਕੇ ਸਮੂਹ ਕਾਰਜ ਇਸੇ ਭਾਸ਼ਾ ਵਿਚ ਹੁੰਦੇ ਸਨ ਅਤੇ ਜਦੋਂ ਕਿਸੇ ਵਿਦਵਾਨ ਨੇ ਸਿੱਖ ਇਤਿਹਾਸ ਨੂੰ ਸਮਝਣਾ ਹੋਵੇ ਤਾਂ ਉਸ ਲਈ ਫ਼ਾਰਸੀ ਭਾਸ਼ਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਲਗ-ਪਗ ਇਕ ਸਦੀ ਅੰਗਰੇਜ਼ਾਂ ਨੇ ਪੰਜਾਬ ’ਤੇ ਰਾਜ ਕੀਤਾ ਅਤੇ ਉਹਨਾਂ ਨੇ ਆਮ ਲੋਕਾਂ ਨੂੰ ਅੰਗਰੇਜ਼ੀ ਵੱਲ ਮੋੜਨ ਦਾ ਸਫ਼ਲ ਯਤਨ ਕੀਤਾ। ਅਜਿਹੇ ਸਕੂਲ ਖੋਲੇ ਗਏ ਜਿੱਥੇ ਸਾਇੰਸ ਅਤੇ ਅੰਗਰੇਜ਼ੀ ਦੀ ਪੜ੍ਹਾਈ ਕਰਾਈ ਜਾਂਦੀ ਸੀ ਅਤੇ ਅਜਿਹੇ ਸਕੂਲਾਂ ਨੂੰ ਵਿਸ਼ੇਸ਼ ਗਰਾਂਟਾਂ ਪ੍ਰਦਾਨ ਕੀਤੀਆਂ ਗਈਆਂ ਜਿਹੜੇ ਇਸ ਦਿਸ਼ਾ ਵਿਚ ਪੜ੍ਹਾਈ ਕਰਾਉਣ ਲਈ ਅੱਗੇ ਆਏ ਸਨ। ਇਸ ਦੇ ਨਾਲ ਹੀ ਹਿੰਦੀ ਭਾਸ਼ਾ ਵਿਚ ਵੀ ਅਜਿਹੀਆਂ ਪੁਸਤਕਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਵਿਚ ਸਿੱਖ ਇਤਿਹਾਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਪ੍ਰੋ. ਕਪੂਰ ਸਾਹਿਬ ਵਿਿਭੰਨ ਭਾਸ਼ਾਵਾਂ ਦੇ ਮਾਹਿਰ ਸਨ ਅਤੇ ਉਹ ਚਾਹੁੰਦੇ ਸਨ ਕਿ ਪੰਜਾਬੀ ਪਾਠਕ ਉਕਤ ਭਾਸ਼ਾਵਾਂ ਰਾਹੀਂ ਸਾਹਮਣੇ ਆਈਆਂ ਇਤਿਹਾਸ ਦੀਆਂ ਘਟਨਾਵਾਂ ਤੋਂ ਜਾਣੂ ਹੋ ਸਕਣ। ਇਸ ਦ੍ਰਿਸ਼ਟੀ ਤੋਂ ਇਹਨਾਂ ਨੇ ਵਿਭਿੰਨ ਭਾਸ਼ਾ ਵਿਚ ਲਿਖੀਆਂ ਹੋਈਆਂ ਪੁਸਤਕਾਂ ਦੇ ਅਨੁਵਾਦ ਕੀਤੇ ਜਿਨ੍ਹਾਂ ਵਿਚ ਸਿੱਖ ਮੱਤ ਦਾ ਮੁੱਢ ਤੇ ਉਥਾਨ, ਭਾਰਤ ਦਾ ਪ੍ਰਾਚੀਨ ਇਤਿਹਾਸ ਅਤੇ ਤਵਾਰੀਖ ਗੁਰੂ ਖ਼ਾਲਸਾ ਸ਼ਾਮਲ ਹਨ।
ਇਹਨਾਂ ਵਿਚੋਂ ਪਹਿਲੀ ਪੁਸਤਕ ਅਹਿਮਦ ਸ਼ਾਹ ਬਟਾਲੀਆ ਦੀ ਜ਼ਿਕਰ-ਇ-ਗੁਰੂਆਂ-ਵ-ਇਬਤਿਦਾ-ਇ-ਫਿਰਕਾ-ਇ-ਸਿੱਖਾਂ-ਵ-ਅਰੂਜ-ਇ-ਸਿੰਘਾਂ ਵਿਸ਼ੇ ’ਤੇ ਫ਼ਾਰਸੀ ਭਾਸ਼ਾ ਵਿਚ ਲਿਖੀ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਹੈ ਜਿਹੜਾ ਕਿ ਵਿੱਦਿਆ ਸਾਗਰ ਸੂਰੀ ਦੀ ਸਹਾਇਤਾ ਨਾਲ ਸੰਪੂਰਨ ਕੀਤਾ ਗਿਆ।
ਦੂਜੀ ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਸੀ ਜਿਸ ਦੇ ਪੰਜਾਬੀ ਅਨੁਵਾਦ ਵਿਚ ਸ. ਗੁਰਬਖ਼ਸ਼ ਸਿੰਘ ਨੇ ਸਹਿਯੋਗ ਪ੍ਰਦਾਨ ਕੀਤਾ ਸੀ। ਤੀਜੀ ਪੁਸਤਕ ਪ੍ਰਸਿੱਧ ਨਿਰਮਲੇ ਵਿਦਵਾਨ ਸ੍ਰੀ ਗੋਵਿੰਦ ਸਿੰਘ ਦੀ ਰਚਨਾ ਸੀ। ਹਿੰਦੀ ਅਤੇ ਸੰਸਕ੍ਰਿਤ ਦੇ ਇਸ ਵਿਦਵਾਨ ਨੇ 1469-1762 ਤੱਕ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਨਨ ਕੀਤਾ ਹੈ। ਪ੍ਰੋ. ਸਾਹਿਬ ਨੇ ਇਸ ਪੁਸਤਕ ਦਾ ਹਿੰਦੀ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਪੰਜਾਬੀ ਭਾਸ਼ਾ ਵਿਚ ਕੀਤੇ ਗਏ ਇਹ ਅਨੁਵਾਦ ਕਾਰਜ ਉਹਨਾਂ ਦੀ ਇਸ ਭਾਸ਼ਾ ਪ੍ਰਤੀ ਰੁਚੀ ਦਾ ਪ੍ਰਗਟਾਵਾ ਕਰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਪੰਜਾਬੀ ਜਾਣਨ ਵਾਲੇ ਦੂਜੀਆਂ ਭਾਸ਼ਾਵਾਂ ਵਿਚ ਪ੍ਰਾਪਤ ਗਿਆਨ ਨੂੰ ਸਮਝਣ ਵਿਚ ਸਹਾਈ ਹੋ ਸਕਣ।
ਪੁਸਤਕਾਂ ਦੀ ਸਿਰਜਣਾ ਕਰਨ ਦੇ ਨਾਲ-ਨਾਲ ਸੈਮੀਨਾਰਾਂ, ਕਾਨਫ਼ਰੰਸਾਂ, ਗੋਸ਼ਟੀਆਂ ਆਦਿ ਵਿਚ ਹਿੱਸਾ ਲੈ ਕੇ ਇਹ ਖੋਜ-ਪੱਤਰ ਪੜ੍ਹਦੇ ਅਤੇ ਆਪਣੇ ਵਿਚਾਰ ਪੇਸ਼ ਕਰਦੇ ਰਹੇ ਜਿਹੜੇ ਕਿ ਵਿਿਦਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਲਈ ਲਾਹੇਵੰਦ ਰਹੇ ਹਨ। ਸਮਕਾਲੀ ਸਮੱਸਿਆਵਾਂ ਅਤੇ ਘਟਨਾਵਾਂ ਦੇ ਸਨਮੁਖ ਇਹ ਵਿਭਿੰਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਆਪਣੇ ਵਿਚਾਰ ਪੇਸ਼ ਕਰਦੇ ਰਹੇ ਹਨ।
ਇਹਨਾਂ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਘਟਨਾ 24 ਜੁਲਾਈ 1985 ਨੂੰ ਹੋਇਆ ਰਾਜੀਵ-ਲੌਂਗੋਵਾਲ ਸਮਝੌਤਾ ਹੈ ਜਿਹੜਾ ਕਿ ਪੰਜਾਬ ਵਿਚ ਸ਼ਾਂਤੀ ਦੀ ਸਥਾਪਨਾ ਪੈਦਾ ਕਰਨ ਲਈ ਕੀਤਾ ਦੱਸਿਆ ਜਾਂਦਾ ਹੈ। ਇਸ ਸਮਝੌਤੇ ਦੌਰਾਨ ਕਪੂਰ ਸਾਹਿਬ ਵੱਲੋਂ ਨਿਭਾਈ ਭੂਮਿਕਾ ਕਾਰਨ ਇਹਨਾਂ ਦਾ ਨਾਂ ਪੱਕੇ ਤੌਰ ’ਤੇ ਇਸ ਨਾਲ ਜੁੜ ਗਿਆ ਹੈ। ਇਹਨਾਂ ਦੇ ਜੀਵਨ ਦੀਆਂ ਇਹ ਸਮੂਹ ਘਟਨਾਵਾਂ ਦੱਸਦੀਆਂ ਹਨ ਕਿ ਇਹ ਵਿੱਦਿਅਕ ਖੇਤਰ ਦੇ ਨਾਲ-ਨਾਲ ਰਾਜਨੀਤਿਕ ਖੇਤਰ ਵਿਚ ਵੀ ਵਿਚਰਦੇ ਰਹੇ ਹਨ ਅਤੇ ਇਹਨਾਂ ਨੇ ਦੋਵਾਂ ਵਿਚਕਾਰ ਸਾਂਝ ਅਤੇ ਸਹਿਯੋਗ ਪੈਦਾ ਕਰਨ ਦਾ ਕਾਰਜ ਕੀਤਾ ਹੈ। ਮੌਜੂਦਾ ਸਮੇਂ ਵਿਚ ਜਦੋਂ ਸਿੱਖ ਰਾਜਨੀਤੀ ਅਤੇ ਅਕਾਦਮਿਕ ਖੇਤਰ ਵਿਚ ਸਮਤੋਲ ਪੈਦਾ ਕਰਨ ਦੀ ਘਾਟ ਮਹਿਸੂਸ ਹੋ ਰਹੀ ਹੈ ਤਾਂ ਅਜਿਹੇ ਵਿਦਵਾਨਾਂ ਦਾ ਜੀਵਨ ਅਤੇ ਸ਼ਖ਼ਸੀਅਤ ਪ੍ਰੇਰਨਾ ਸਰੋਤ ਬਣ ਜਾਂਦਾ ਹੈ।
Scroll to Top