ਗੁਰਦਾਸਪੁਰ 03, ਮਾਰਚ 2023: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਾਹਿਬ (Chola Sahib) (ਅੰਗ ਵਸਤਰ) ਦਾ ਹਰ ਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਚੋਲਾ ਸਾਹਿਬ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ | ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਮਨਾਇਆ ਜਾ ਰਿਹਾ ਹੈ | ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੰਗਤਾਂ ਪੈਦਲ ਚੱਲ ਕੇ ਚਾਰ ਦਿਨਾਂ ਦੀ ਪੈਦਲ ਯਾਤਰਾ ਕਰਕੇ ਡੇਰਾ ਬਾਬਾ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਅਤੇ ਇਸ ਧਾਰਮਿਕ ਮੇਲੇ ‘ਚ ਵੱਡੀ ਗਿਣਤੀ ਵਿੱਚ ਸੰਗਤ ਡੇਰਾ ਬਾਬਾ ਨਾਨਕ ਨਤਮਸਤਕ ਹੋਣ ਪਹੁੰਚਦੀਆਂ ਹਨ |
ਉੱਥੇ ਹੀ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਹਰ ਸਾਲ ਇਸ ਜੋੜ ਮੇਲੇ ਨੂੰ ਲੈ ਕੇ ਸੰਗਤਾਂ ਦੀ ਆਮਦ ਲਈ ਅਨੇਕਾਂ ਲੰਗਰ ਥਾਂ-ਥਾਂ ਤੇ ਲੱਗ ਰਹੇ ਹਨ ਜੋ ਇਕ ਚੰਗਾ ਉਪਰਾਲਾ ਹੈ | ਇਸ ਦੇ ਚੱਲਦੇ ਉਹਨਾਂ ਵਲੋਂ ਧਰਮ ਪ੍ਰਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਗਿਆਨ ਵਾਲੀਆਂ ਪੁਸਤਕਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ | ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਕਿਤਾਬਾਂ ਦਾ ਲੰਗਰ ਆਉਣ ਵਾਲੀ ਸੰਗਤ ਲਈ ਲਗਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਥੇ ਵੱਡੇ-ਵੱਡੇ ਲੰਗਰ ਲਗਾਏ ਜਾ ਰਹੇ ਹਨ | ਉਥੇ ਆਪਣੇ ਆਪਣੇ ਪਿੰਡ ਨਗਰ ‘ਚ ਲੋੜਵੰਦ ਲੋਕਾਂ ਦੀ ਵੀ ਸਿੱਧੇ ਤੌਰ ‘ਤੇ ਮਦਦ ਕੀਤੀ ਜਾਵੇ,ਤਾਂ ਜੋ ਉਹ ਵੀ ਚੰਗਾ ਜੀਵਨ ਜੀਅ ਸਕਣ |