ਭਾਖੜਾ ਡੈਮ

ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਘਟਣ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਮਿਲੀ ਰਾਹਤ: ਹਰਜੋਤ ਬੈਂਸ

ਨੰਗਲ, 5 ਸਤੰਬਰ 2025: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਲੰਟੀਅਰਾਂ, ਸਥਾਨਕ ਨੌਜਵਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਇਤਿਹਾਸਕ ਅਸਥਾਨ ਪ੍ਰਾਚੀਨ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਨੂੰ ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਅੰਸ਼ਕ ਤੌਰ ‘ਤੇ ਨੁਕਸਾਨ ਪੁੱਜਣ ਤੋਂ ਬਚਾਉਣ ਲਈ ਡੰਗਾ (ਰੀਵੇਟਮੈਂਟ) ਲਗਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਗਰ ਕੌਂਸਲ, ਨੰਗਲ ਰਾਹੀਂ ਮੰਦਰ ਦੀ ਇਮਾਰਤ ਦੀ ਸਥਾਈ ਮਜ਼ਬੂਤੀ ਲਈ 1.27 ਕਰੋੜ ਰੁਪਏ ਦੀ ਰਾਸ਼ੀ ਅਲਾਟ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਅਨੰਦਪੁਰ ਸਾਹਿਬ ਹਲਕੇ ਦੇ ਪ੍ਰਭਾਵਿਤ ਪਿੰਡਾਂ ਅਤੇ ਕਸਬਿਆਂ ‘ਚ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਹਰਜੋਤ ਬੈਂਸ ਨੇ ਯੂਥ ਕਲੱਬਾਂ, ਪੰਚਾਇਤਾਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਅਤੇ ਪ੍ਰਸ਼ਾਸਨ ਦਾ ਬਚਾਅ ਅਤੇ ਰਾਹਤ ਕਾਰਜਾਂ ‘ਚ ਸਰਗਰਮੀ ਨਾਲ ਭੂਮਿਕਾ ਨਿਭਾਉਣ ਅਤੇ ਮੱਦਦ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ “ਅਸੀਂ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਇਸ ਕੁਦਰਤੀ ਆਫ਼ਤ ਤੋਂ ਬਚਾਉਣ ਅਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।

ਹਰਜੋਤ ਸਿੰਘ ਬੈਂਸ ਨੇ ਭਾਖੜਾ ਡੈਮ ਦੀ ਸਥਿਤੀ ਬਾਰੇ ਇੱਕ ਮਹੱਤਵਪੂਰਨ ਰਾਹਤ ਵਾਲੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਣੀ ਦਾ ਪੱਧਰ 1678.66 ਫੁੱਟ ਤੱਕ ਘੱਟ ਗਿਆ ਹੈ ਅਤੇ ਇਹ ਕੱਲ੍ਹ ਦੇ 1679.05 ਫੁੱਟ ਦੇ ਮੁਕਾਬਲੇ ਲਗਭਗ ਅੱਧਾ ਫੁੱਟ ਘੱਟ ਹੈ। ਪਾਣੀ ਦਾ ਪੱਧਰ ਘਟਣ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੈਚਮੈਂਟ ਖੇਤਰਾਂ ‘ਚ ਘੱਟ ਮੀਂਹ ਅਤੇ ਅਨੁਕੂਲ ਮੌਸਮੀ ਸਥਿਤੀਆਂ ਕਾਰਨ ਪਾਣੀ ਦਾ ਪੱਧਰ ਘਟਿਆ ਹੈ।

ਬੈਂਸ ਨੇ ਅੱਜ ਪਿੰਡ ਹਰੀਵਾਲ ਵਿਖੇ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਕਾਰਜ ‘ਚ ਹੱਥ ਵਟਾਇਆ। ਉਨ੍ਹਾਂ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਖੋਰ ਲੱਗਣ ਨਾਲ ਸੰਵੇਦਨਸ਼ੀਲ ਖੇਤਰਾਂ ‘ਚ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤੀ ਦੇਣ ਲਈ ਜੰਬੋ ਬੈਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

Read More: ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ

Scroll to Top