ਚੰਡੀਗੜ੍ਹ, 5 ਮਾਰਚ 2025: ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Sond) ਨੇ ਜਾਣਕਾਰੀ ਦਿੱਤੀ ਹੈ ਕਿ ਰਜਿਸਟਰਡ ਉਸਾਰੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਬੀਮਾ ਯੋਜਨਾ (Ayushman card) ਤਹਿਤ 5 ਲੱਖ ਰੁਪਏ ਤੱਕ ਦੀ ਮੁਫ਼ਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਡਾਕਟਰੀ ਸਹਾਇਤਾ ਕਿਸੇ ਵੀ ਸੂਚੀਬੱਧ ਹਸਪਤਾਲ ‘ਚ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ, ਰਜਿਸਟਰਡ ਉਸਾਰੀ ਕਾਮਿਆਂ ਨੂੰ ਆਯੁਸ਼ਮਾਨ ਕਾਰਡ ਬਣਵਾਉਣਾ ਪੈਂਦਾ ਹੈ। ਇਹ ਕਾਰਡ ਹਰ ਸਰਕਾਰੀ ਹਸਪਤਾਲ ‘ਚ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਉਸਾਰੀ ਕਾਮੇ ਕਿਸੇ ਵੀ ਸਰਕਾਰੀ ਹਸਪਤਾਲ ‘ਚ ਜਾ ਕੇ ਆਪਣਾ ਆਯੂਸ਼ਮਾਨ ਕਾਰਡ (Ayushman card) ਬਣਵਾ ਸਕਦੇ ਹਨ ਅਤੇ ਆਯੂਸ਼ਮਾਨ ਮੁੱਖ ਮੰਤਰੀ ਬੀਮਾ ਯੋਜਨਾ ਤਹਿਤ ਮਿਲਣ ਵਾਲੇ ਵਿੱਤੀ ਲਾਭਾਂ ਦਾ ਲਾਭ ਉਠਾ ਸਕਦੇ ਹਨ।
ਸੌਂਦ (Tarunpreet Singh Sond) ਨੇ ਕਿਹਾ ਕਿ ਪੰਜਾਬ ‘ਚ ਉਸਾਰੀ ਕਾਮਿਆਂ ਦੀ ਭਲਾਈ ਲਈ, ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਵੈਲਫੇਅਰ ਬੋਰਡ ਬਣਾਇਆ ਗਿਆ ਹੈ। 18-60 ਸਾਲ ਦੀ ਉਮਰ ਦੇ ਵਿਚਕਾਰ ਕੋਈ ਵੀ ਉਸਾਰੀ ਕਿਰਤੀ ਜਿਸਨੇ ਪੰਜਾਬ ‘ਚ ਪਿਛਲੇ ਇੱਕ ਸਾਲ ‘ਚ ਘੱਟੋ-ਘੱਟ 90 ਦਿਨ ਉਸਾਰੀ ਕਿਰਤੀ ਵਜੋਂ ਕੰਮ ਕੀਤਾ ਹੈ, ਲਾਭਪਾਤਰੀ ਵਜੋਂ ਰਜਿਸਟਰ ਕਰ ਸਕਦਾ ਹੈ।
ਕਿਰਤ ਮੰਤਰੀ ਨੇ ਕਿਹਾ ਕਿ ਇਹ ਰਜਿਸਟ੍ਰੇਸ਼ਨ ਕਿਸੇ ਵੀ ਸੇਵਾ ਕੇਂਦਰ ‘ਤੇ ਜਾ ਕੇ ਜਾਂ ਸ਼੍ਰਮਿਕ ਸਹਾਇਕ ਐਪ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ 145 ਰੁਪਏ ਸਾਲਾਨਾ ਫੀਸ ਜਮ੍ਹਾ ਕਰਵਾ ਕੇ ਕੀਤੀ ਜਾ ਸਕਦੀ ਹੈ। ਉਪਰੋਕਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਉਸਾਰੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਤੱਕ ਦੀ ਮੁਫ਼ਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
Read More: ਪੰਜਾਬ ਨੇ ਆਯੂਸ਼ਮਾਨ ਕਾਰਡ ਜਾਰੀ ਕਰਨ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ 98 % ਆਧਾਰ ਪ੍ਰਮਾਣਿਕਤਾ ਕੀਤੀ ਹਾਸਲ