Uttarakhand

ਭਰਤੀ ਘੁਟਾਲਾ: ਪੁਲਿਸ ਵਲੋਂ ਲਾਠੀਚਾਰਜ ਕਰਨ ‘ਤੇ ਭੜਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਕੀਤਾ ਪਥਰਾਅ

ਚੰਡੀਗੜ੍ਹ, 9 ਫਰਵਰੀ, 2023: ਭਰਤੀ ਘੁਟਾਲੇ ਦੇ ਵਿਰੋਧ ‘ਚ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ (Dehradun) ‘ਚ ਵੱਡੀ ਗਿਣਤੀ ‘ਚ ਪੁੱਜੇ ਨੌਜਵਾਨਾਂ ਨੇ ਹੰਗਾਮਾ ਕੀਤਾ। ਗਾਂਧੀ ਪਾਰਕ ‘ਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਗੁੱਸਾ ਕੁਝ ਦੇਰ ‘ਚ ਹੀ ਰਾਜਧਾਨੀ ਦੀਆਂ ਸੜਕਾਂ ‘ਤੇ ਦਿਖਾਈ ਦੇਣ ਲੱਗਾ ਅਤੇ ਸੜਕਾਂ ਜਾਮ ਹੋ ਗਈਆਂ। ਜ਼ਿਲ੍ਹਾ ਮੈਜਿਸਟਰੇਟ ਨੌਜਵਾਨਾਂ ਨੂੰ ਸਮਝਾਉਣ ਲਈ ਪੁੱਜੇ, ਪਰ ਨੌਜਵਾਨਾਂ ਨੇ ਕੋਈ ਗੱਲ ਨਹੀਂ ਸੁਣੀ। ਇਸ ਦੌਰਾਨ ਮਾਮਲਾ ਉਦੋਂ ਹੋਰ ਵਧ ਗਿਆ ਜਦੋਂ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਗੁੱਸੇ ‘ਚ ਆਏ ਨੌਜਵਾਨਾਂ ਦੀ ਭੀੜ ਨੇ ਪੁਲਿਸ ‘ਤੇ ਪਥਰਾਅ ਵੀ ਸ਼ੁਰੂ ਕਰ ਦਿੱਤਾ।

ਵਿਗੜਦੇ ਹਾਲਾਤ ਦਰਮਿਆਨ ਹੁਣ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਫ਼ਵਾਹ ‘ਤੇ ਧਿਆਨ ਨਾ ਦੇਣ |

ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪਹਿਲੀ ਜ਼ਿੰਮੇਵਾਰੀ ਹੈ। ਨਕਲ ਰੋਕਣ ਲਈ ਕਾਨੂੰਨ ਬਣਾਇਆ ਜਾਵੇਗਾ। ਘੁਟਾਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਭਰਤੀ ‘ਚ ਧਾਂਦਲੀ ਦੇ ਖਿਲਾਫ ਸੂਬੇ ਭਰ ‘ਚ ਨੌਜਵਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਰੋਹ ਵਿੱਚ ਆਏ ਨੌਜਵਾਨਾਂ ਦੀ ਭਾਰੀ ਭੀੜ ਸੜਕਾਂ ’ਤੇ ਆ ਜਾਣ ਕਾਰਨ ਕਈ ਥਾਵਾਂ ’ਤੇ ਟਰੈਫਿਕ ਜਾਮ ਵੀ ਹੋ ਗਿਆ।

ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਕੋਈ ਵੀ ਭਰਤੀ ਪ੍ਰੀਖਿਆ ਨਕਲ ਵਿਰੋਧੀ ਕਾਨੂੰਨ ਬਣਨ ਤੋਂ ਬਾਅਦ ਹੀ ਕਰਵਾਈ ਜਾਵੇ। ਉਤਰਾਖੰਡ ਬੇਰੁਜ਼ਗਾਰ ਐਸੋਸੀਏਸ਼ਨ ਦੇ ਸੂਬਾ ਬੁਲਾਰੇ ਸੁਰੇਸ਼ ਸਿੰਘ ਨੇ ਦੱਸਿਆ ਕਿ ਲੋਕ ਸੇਵਾ ਚੋਣ ਕਮਿਸ਼ਨ ਅਤੇ ਅਧੀਨ ਸੇਵਾਵਾਂ ਚੋਣ ਕਮਿਸ਼ਨ ਵੱਲੋਂ ਲਈਆਂ ਜਾਂਦੀਆਂ ਸਾਰੀਆਂ ਪ੍ਰੀਖਿਆਵਾਂ ਵਿੱਚ ਭਾਰੀ ਧਾਂਦਲੀ ਕੀਤੀ ਗਈ ਹੈ।

Scroll to Top