ਚੰਡੀਗੜ੍ਹ, 27 ਮਾਰਚ 2025: ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਪੰਜਾਬ ਦੇ ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸਦਨ ‘ਚ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ‘ਚ ਕਿਰਤ ਇੰਸਪੈਕਟਰਾਂ (labour inspectors) ਦੀ ਘਾਟ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।
ਵਿਧਾਨ ਸਭਾ ‘ਚ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੀਤੇ ਇਕ ਸਵਾਲ ਦੇ ਜਵਾਬ ‘ਚ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 52 ਕਿਰਤ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਛੇਤੀ ਹੀ ਇਸ ਘਾਟ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ, ਪੰਜਾਬ ਅਧੀਨ ਕੁੱਲ 95 ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ‘ਚੋਂ ਇਸ ਸਮੇਂ 35 ਕਿਰਤ ਇੰਸਪੈਕਟਰ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿਰਤ ਇੰਸਪੈਕਟਰਾਂ (labour inspectors) ਦੀ ਘਾਟ ਹੋਣ ਕਾਰਨ ਇੱਕ ਕਰਮਚਾਰੀ ਕੋਲ ਪੱਕੀ ਤਾਇਨਾਤੀ ਦੀ ਥਾਂ ਤੋਂ ਇਲਾਵਾ ਹੋਰ ਸਰਕਲਾਂ ਦਾ ਵਾਧੂ ਚਾਰਜ ਵੀ ਦਿੱਤਾ ਹੋਇਆ ਹੈ, ਜਿਸ ਕਾਰਨ ਕਿਰਤ ਇੰਸਪੈਕਟਰਾਂ ਵੱਲੋਂ ਹਰੇਕ ਸਰਕਲ ‘ਚ ਹਾਜ਼ਰ ਹੋ ਕੇ ਕੰਮ ਕਰਨਾ ਸੰਭਵ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਖਾਲੀ ਅਸਾਮੀਆਂ ਨੂੰ ਭਰਨ ਲਈ, ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 09-03-2025 ਨੂੰ ਲਿਖਤੀ ਪ੍ਰੀਖਿਆ ਲਈ ਹੈ। ਭਰਤੀ ਪ੍ਰਕਿਰਿਆ ਛੇਤੀ ਹੀ ਪੂਰੀ ਹੋਣ ਤੋਂ ਬਾਅਦ, ਵਿਭਾਗ ਨੂੰ 52 ਨਵੇਂ ਕਿਰਤ ਇੰਸਪੈਕਟਰ ਉਪਲਬੱਧ ਹੋਣਗੇ।
ਇਸ ਤੋਂ ਇਲਾਵਾ, ਉਸਾਰੀ ਕਾਮਿਆਂ ਦੀ ਸਹੂਲਤ ਲਈ, ਕਿਰਤ ਵਿਭਾਗ ਨੇ “ਪੰਜਾਬ ਕਿਰਤੀ ਸਹਾਇਕ” ਮੋਬਾਈਲ ਐਪ ਲਾਂਚ ਕੀਤੀ ਹੈ ਜਿਸ ਰਾਹੀਂ ਕਾਮੇ ਆਪਣੇ ਘਰ ਬੈਠੇ ਹੀ ਲਾਭਪਾਤਰੀ ਵਜੋਂ ਰਜਿਸਟਰ/ਨਵੀਨੀਕਰਨ ਕਰ ਸਕਦੇ ਹਨ।
Read More: Punjab News: ਤਰੁਣਪ੍ਰੀਤ ਸਿੰਘ ਸੌਂਦ ਨੇ ਕਿਰਤੀਆਂ ਦੀ ਭਲਾਈ ਲਈ ਲਾਗੂ ਨੀਤੀਆਂ ਬਾਰੇ ਵੇਰਵੇ ਕੀਤੇ ਸਾਂਝੇ