July 8, 2024 12:55 am
Sudan

ਸੂਡਾਨ ‘ਚ ਫੌਜ ਨਾਲ ਭਿੜੀ ਬਾਗੀ ਪੈਰਾਮਿਲਟਰੀ ਫੋਰਸ, ਭਾਰਤ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ

ਚੰਡੀਗੜ੍ਹ, 15 ਅਪ੍ਰੈਲ 2023: ਸੂਡਾਨ (Sudan) ਦੀ ਫੌਜ ਅਤੇ ਬਾਗੀ ਪੈਰਾਮਿਲਟਰੀ ਰੈਪਿਡ ਸਪੋਰਟ ਫੋਰਸ ਵਿਚਕਾਰ ਰਾਜਧਾਨੀ ਖਾਰਤੂਮ ਵਿੱਚ ਲੜਾਈ ਚੱਲ ਰਹੀ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਫੌਜ ਦੇ ਹੈੱਡਕੁਆਰਟਰ ਨੇੜੇ ਗੋਲੀਬਾਰੀ ਹੋ ਰਹੀ ਹੈ।ਬਾਗੀ ਪੈਰਾਮਿਲਟਰੀ ਫੌਜੀ ਬਲਾਂ ਨੇ ਖਾਰਤੁਮ ਦੇ ਹਵਾਈ ਅੱਡੇ ਅਤੇ ਰਾਸ਼ਟਰਪਤੀ ਮਹਿਲ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਕ ਸੂਡਾਨ ਦੀ ਫੌਜ ਨੇ ਕਿਹਾ ਹੈ ਕਿ ਆਰਐਸਐਫ ਨੇ ਫੌਜ ਦੇ ਹੈੱਡਕੁਆਰਟਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ।

ਇਸ ਦੇ ਨਾਲ ਹੀ ਸੂਡਾਨ ਵਿੱਚ ਲਗਾਤਾਰ ਵਿਗੜਦੀ ਸਥਿਤੀ ਦੇ ਵਿਚਕਾਰ, ਭਾਰਤ ਸਰਕਾਰ ਨੇ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਤੋਂ ਇਲਾਵਾ ਅਮਰੀਕਾ ਅਤੇ ਬ੍ਰਿਟੇਨ ਨੇ ਵੀ ਆਪਣੇ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ ਹੈ।

ਬੀਬੀਸੀ ਦੀ ਰਿਪੋਰਟ ਮੁਤਾਬਕ ਸੂਡਾਨ (Sudan) ਦੀ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਨੂੰ ਮਿਲਾ ਕੇ ਫ਼ੌਜ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਤੋਂ ਪਹਿਲਾਂ ਉੱਥੇ ਦੋਵਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਆਰਮੀ ਚੀਫ ਅਬਦੇਲ ਫਤਾਹ-ਅਲ-ਬੁਰਹਾਨ ਅਤੇ ਆਰਐਸਐਫ ਚੀਫ ਮੁਹੰਮਦ ਹਮਦਾਦ ਡਾਗਲੋ ਵਿਚਕਾਰ ਲੜਾਈ ਹੈ।

ਫੌਜ ਦੇ ਬ੍ਰਿਗੇਡੀਅਰ ਜਨਰਲ ਨਬੀਲ ਅਬਦੁੱਲਾ ਨੇ ਦੱਸਿਆ ਹੈ ਕਿ ਆਰਐਸਐਫ ਦੇ ਲੜਾਕਿਆਂ ਨੇ ਦੇਸ਼ ਭਰ ਵਿੱਚ ਫੌਜ ਦੇ ਕੈਂਪਾਂ ‘ਤੇ ਹਮਲਾ ਕੀਤਾ। ਫੌਜ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਰਅਸਲ, ਸੁਡਾਨ ਵਿੱਚ 2021 ਵਿੱਚ ਤਖਤਾਪਲਟ ਹੋਇਆ ਸੀ, ਜਿਸ ਤੋਂ ਬਾਅਦ ਉੱਥੇ ਨਾਗਰਿਕ ਸ਼ਾਸਨ ਲਾਗੂ ਕਰਨ ਲਈ ਇੱਕ ਸੌਦੇ ਨੂੰ ਲੈ ਕੇ ਫੌਜ ਅਤੇ ਆਰਐਸਐਫ ਦੇ ਮੁਖੀ ਵਿਚਕਾਰ ਝਗੜਾ ਹੋਇਆ ਸੀ। ਦੋ ਸਾਲਾਂ ਤੋਂ ਕੌਂਸਲ ਬਣਾ ਕੇ ਦੇਸ਼ ਚਲਾਇਆ ਜਾ ਰਿਹਾ ਹੈ। ਆਰਐਸਐਫ 10 ਸਾਲ ਬਾਅਦ ਨਾਗਰਿਕ ਸ਼ਾਸਨ ਲਾਗੂ ਕਰਨਾ ਚਾਹੁੰਦੀ ਹੈ ਜਦੋਂ ਕਿ ਫੌਜ ਦਾ ਕਹਿਣਾ ਹੈ ਕਿ ਇਸਨੂੰ 2 ਸਾਲ ਦੇ ਅੰਦਰ ਲਾਗੂ ਕੀਤਾ ਜਾਣਾ ਚਾਹੀਦਾ ਹੈ।