ਸਪੋਰਟਸ, 26 ਮਾਰਚ 2026: RCB ਬਨਾਮ SRH: ਇੰਡੀਅਨ ਪ੍ਰੀਮਿਅਰ ਲੀਗ 2026 ਸ਼ੀਜਨ ਦੀ 28 ਮਾਰਚ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ | ਇਸ ਵਾਰ ਆਈਪੀਐਲ 2026 ਲਈ ਕੋਈ ਉਦਘਾਟਨੀ ਸਮਾਗਮ (IPL opening ceremony) ਨਹੀਂ ਹੋਵੇਗਾ | ਇਸ ਸੰਬੰਧੀ ਬੀਸੀਸੀਆਈ ਸਕੱਤਰ ਦੇਵਾਜੀਤ ਸੈਕੀਆ ਨੇ ਪੁਸ਼ਟੀ ਕੀਤੀ ਹੈ। ਆਈਪੀਐਲ ਸੀਜ਼ਨ ਦਾ ਪਹਿਲਾ ਮੈਚ 28 ਮਾਰਚ ਨੂੰ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਖੇਡਿਆ ਜਾਵੇਗਾ।
ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਦੇਵਾਜੀਤ ਸੈਕੀਆ ਨੇ ਕਿਹਾ, “ਪਿਛਲੇ ਸਾਲ 4 ਜੂਨ ਨੂੰ ਵਾਪਰੀ ਦੁਖਦਾਈ ਘਟਨਾ ਦੇ ਕਾਰਨ ਆਈਪੀਐਲ 2026 ਦੇ ਉਦਘਾਟਨੀ ਸਮਾਗਮ ਨਹੀਂ ਹੋਵੇਗਾ। ਬੀਸੀਸੀਆਈ ਕੋਈ ਸੱਭਿਆਚਾਰਕ ਸਮਾਗਮ ਨਹੀਂ ਕਰਵਾ ਰਿਹਾ ਹੈ।”
ਦੇਵਾਜੀਤ ਨੇ ਕਿਹਾ ਕਿ ਬੀਸੀਸੀਆਈ ਆਈਪੀਐਲ ਫਾਈਨਲ ਵਾਲੇ ਦਿਨ ਇੱਕ ਸ਼ਾਨਦਾਰ ਸਮਾਪਤੀ ਸਮਾਗਮ ਦੀ ਯੋਜਨਾ ਬਣਾ ਰਿਹਾ ਹੈ। ਆਈਪੀਐਲ 2026 ਦਾ ਫਾਈਨਲ 31 ਮਈ ਨੂੰ ਖੇਡਿਆ ਜਾਵੇਗਾ। ਜਿਕਰਯੋਗ ਹੈ ਕਿ 4 ਜੂਨ, 2025 ਨੂੰ ਆਰਸੀਬੀ ਵੱਲੋਂ ਆਪਣੀ ਪਹਿਲੀ ਆਈਪੀਐਲ ਟਰਾਫੀ ਜਿੱਤਣ ਤੋਂ ਬਾਅਦ ਇੱਕ ਜਿੱਤ ਪਰੇਡ ਕਰਵਾਈ ਸੀ | ਇਸ ਦੌਰਾਨ, ਸਟੇਡੀਅਮ ਦੇ ਬਾਹਰ ਭਗਦੜ ਮਚ ਗਈ, ਜਿਸ ‘ਚ 11 ਜਣੇ ਮਾਰੇ ਗਏ ਅਤੇ ਕਈ ਹੋਰ ਜਣੇ ਜ਼ਖਮੀ ਹੋ ਗਏ ਸਨ।
ਇਸ ਘਟਨਾ ਦੀ ਯਾਦ ‘ਚ ਆਰਸੀਬੀ ਅਤੇ ਕੇਐਸਸੀਏ ਨੇ ਸਟੇਡੀਅਮ ‘ਚ ਇੱਕ ਯਾਦਗਾਰੀ ਤਖ਼ਤੀ ਲਗਾਉਣ ਅਤੇ 11 ਸੀਟਾਂ ਹਰ ਸਮੇਂ ਖਾਲੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਸੀਟਾਂ ਕਦੇ ਵੀ ਨਹੀਂ ਵੇਚੀਆਂ ਜਾਣਗੀਆਂ, ਇੱਥੋਂ ਤੱਕ ਕਿ ਅੰਤਰਰਾਸ਼ਟਰੀ ਮੈਚਾਂ ਦੌਰਾਨ ਵੀ 11 ਪੀੜਤਾਂ ਦੀ ਯਾਦ ”’ਚ। ਯਾਦਗਾਰੀ ਤਖ਼ਤੀ ਸਟੇਡੀਅਮ ਦੇ ਪ੍ਰਵੇਸ਼ ਦੁਆਰ ਦੇ ਨੇੜੇ ਲਗਾਈ ਜਾਵੇਗੀ, ਇਹ ਯਕੀਨੀ ਬਣਾਉਣ ਲਈ ਕਿ ਇਹ ਸਥਾਨ ਸ਼ਰਧਾਂਜਲੀ ਦਾ ਪ੍ਰਤੀਕ ਬਣਿਆ ਰਹੇ। ਇਸ ਤੋਂ ਇਲਾਵਾ, ਹਰੇਕ ਆਈਪੀਐਲ ਮੈਚ ਤੋਂ ਪਹਿਲਾਂ ਪੀੜਤਾਂ ਦੇ ਨਾਮ ਪ੍ਰਦਰਸ਼ਿਤ ਕੀਤੇ ਜਾਣਗੇ, ਅਤੇ ਦੋਵੇਂ ਟੀਮਾਂ ਦੁਆਰਾ ਇੱਕ ਮਿੰਟ ਦਾ ਮੌਨ ਰੱਖਿਆ ਜਾਵੇਗਾ।
Read More: IPL ਇਤਿਹਾਸ ‘ਚ ਪਹਿਲੀ ਵਾਰ ਸਾਰੀਆਂ 10 ਟੀਮਾਂ ਦੀ ਕਪਤਾਨੀ ਕਰਨਗੇ ਭਾਰਤੀ ਖਿਡਾਰੀ




