ਸਪੋਰਟਸ, 27 ਮਾਰਚ 2026: RCB ਬਨਾਮ SRH: ਆਈਪੀਐਲ 2026 ਦਾ ਪਹਿਲਾ ਮੈਚ 28 ਮਾਰਚ ਨੂੰ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਅਤੇ ਸਨਰਾਈਜ਼ਰਸ ਹੈਦਰਾਬਾਦ (SRH) ਵਿਚਾਲੇ ਖੇਡਿਆ ਜਾਣਾ ਹੈ। ਇਹ ਮੈਚ ਐਮ. ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ |
ਦੋਵਾਂ ਟੀਮਾਂ ਦੇ ਵਿਚਾਲੇ ਮੈਚ ਤੋਂ ਪਹਿਲਾਂ ਭਾਰਤ ਦੇ ਸਾਬਕਾ ਬੱਲੇਬਾਜ਼ ਆਕਾਸ਼ ਚੋਪੜਾ ਨੇ ਰਾਇਲ ਚੈਲੇਂਜਰਜ਼ ਬੰਗਲੁਰੂ ਨੂੰ ਇੱਕ ਸਲਾਹ ਦਿੱਤੀ ਹੈ | ਆਕਾਸ਼ ਚੋਪੜਾ ਨੇ ਕਿਹਾ ਕਿ 4 ਵਿਦੇਸ਼ੀ ਖਿਡਾਰੀਆਂ ਦੇ ਨਾਮ ਦਿੱਤੇ ਹਨ ਜਿਨ੍ਹਾਂ ਨੂੰ ਆਰਸੀਬੀ ਨੂੰ ਆਪਣੀ ਪਲੇਇੰਗ ਇਲੈਵਨ ‘ਚ ਸ਼ਾਮਲ ਕਰਨਾ ਚਾਹੀਦਾ ਹੈ।
ਆਕਾਸ਼ ਚੋਪੜਾ ਨੇ ਕਿਹਾ ਕਿ ਆਰਸੀਬੀ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ ਪਹਿਲੇ ਮੈਚ ਲਈ ਪਲੇਇੰਗ ਇਲੈਵਨ ‘ਚ ਟਿਮ ਡੇਵਿਡ, ਰੋਮਾਰੀਓ ਸ਼ੈਫਰਡ, ਫਿਲ ਸਾਲਟ ਅਤੇ ਜੈਕਬ ਡਫੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਤਰਕ ਦਿੱਤਾ ਕਿ ਸਾਲਟ ਅਤੇ ਟਿਮ ਡੇਵਿਡ ਨੇ ਪਿਛਲੇ ਸੀਜ਼ਨ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ।
ਇਸ ਦੌਰਾਨ, ਸ਼ੈਫਰਡ ਨੇ ਕੁਝ ਮੈਚਾਂ ‘ਚ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਵੀ ਪ੍ਰਭਾਵ ਪਾਇਆ। ਜੈਕਬ ਡਫੀ ਨੂੰ ਆਰਸੀਬੀ ਨੇ ਨਿਲਾਮੀ ‘ਚ ₹2 ਕਰੋੜ ‘ਚ ਖਰੀਦਿਆ ਸੀ। ਸੱਟ ਕਾਰਨ, ਜੋਸ਼ ਹੇਜ਼ਲਵੁੱਡ ਸ਼ੁਰੂਆਤੀ ਮੈਚਾਂ ਲਈ ਆਰਸੀਬੀ ਲਈ ਉਪਲਬੱਧ ਨਹੀਂ ਹੋਵੇਗਾ।
ਆਕਾਸ਼ ਨੇ ਸੁਝਾਅ ਦਿੱਤਾ ਕਿ ਆਰਸੀਬੀ ਨੂੰ ਦੇਵਦੱਤ ਪਡਿੱਕਲ ਨਾਲ ਨੰਬਰ ਤਿੰਨ ਦੀ ਸਥਿਤੀ ਲਈ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵੈਂਕਟੇਸ਼ ਅਈਅਰ ਦੀ ਬਜਾਏ ਪਡਿੱਕਲ ਨੂੰ ਤਰਜੀਹ ਦਿੱਤੀ। ਆਕਾਸ਼ ਨੇ ਕਿਹਾ ਕਿ ਪਡਿੱਕਲ ਨੇ ਪਿਛਲੇ ਸੀਜ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਉਸਦੀ ਹਾਲੀਆ ਫਾਰਮ ਵੀ ਵਧੀਆ ਹੈ। ਆਰਸੀਬੀ ਨੇ ਨਿਲਾਮੀ ‘ਚ ਵੈਂਕਟੇਸ਼ ਨੂੰ ₹7 ਕਰੋੜ ‘ਚ ਖਰੀਦਿਆ ਸੀ।
ਪਿਛਲੇ ਸੀਜ਼ਨ ‘ਚ ਰਜਤ ਪਾਟੀਦਾਰ ਦੀ ਕਪਤਾਨੀ ‘ਚ ਆਰਸੀਬੀ ਨੇ 18 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ ਅਤੇ ਪਹਿਲੀ ਵਾਰ ਆਈਪੀਐਲ ਟਰਾਫੀ ਜਿੱਤੀ। ਆਰਸੀਬੀ ਨੇ ਖਿਤਾਬੀ ਮੈਚ ‘ਚ ਪੰਜਾਬ ਕਿੰਗਜ਼ ਨੂੰ ਹਰਾਇਆ ਸੀ । ਰਿਕਾਰਡ ਦੇ ਹਿਸਾਬ ਨਾਲ ਆਰਸੀਬੀ ਇਸ ਵਾਰ ਵੀ ਕਾਫ਼ੀ ਮਜ਼ਬੂਤ ਦਿਖਾਈ ਦੇ ਰਿਹਾ ਹੈ। ਟੀਮ ਦਾ ਬੱਲੇਬਾਜ਼ੀ ਕ੍ਰਮ ਬਹੁਤ ਸੰਤੁਲਿਤ ਦਿਖਾਈ ਦਿੰਦਾ ਹੈ ਅਤੇ ਟੀਮ ਦਾ ਗੇਂਦਬਾਜ਼ੀ ਹਮਲਾ ਵੀ ਮਜ਼ਬੂਤ ਹੈ।
ਹਾਲਾਂਕਿ, ਟੀਮ ਨੂੰ ਸ਼ੁਰੂਆਤੀ ਮੈਚਾਂ ‘ਚ ਹੇਜ਼ਲਵੁੱਡ ਦੀ ਘਾਟ ਮਹਿਸੂਸ ਹੋ ਸਕਦੀ ਹੈ। ਹੇਜ਼ਲਵੁੱਡ ਦੀ ਗੈਰਹਾਜ਼ਰੀ ‘ਚ, ਭੁਵਨੇਸ਼ਵਰ ਕੁਮਾਰ ‘ਤੇ ਵੱਡੀ ਜ਼ਿੰਮੇਵਾਰੀ ਹੋਵੇਗੀ। ਯਸ਼ ਦਿਆਲ ਵੀ ਨਿੱਜੀ ਕਾਰਨਾਂ ਕਰਕੇ ਇਸ ਸੀਜ਼ਨ ਲਈ ਉਪਲਬੱਧ ਨਹੀਂ ਹੋਣਗੇ। ਟੀਮ ਇਸ ਸੀਜ਼ਨ ‘ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਉਤਰੇਗੀ।
Read More: RCB ਬਨਾਮ SRH: ਆਈਪੀਐਲ 2026 ਲਈ ਨਹੀਂ ਹੋਵੇਗਾ ਉਦਘਾਟਨੀ ਸਮਾਗਮ, ਜਾਣੋ ਕਾਰਨ




