ਚੰਡੀਗੜ੍ਹ, 24 ਜਨਵਰੀ 2025: Ranji Trophy: ਰਣਜੀ ਟਰਾਫੀ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਆਪਣੀ ਫਾਰਮ ‘ਚ ਵਾਪਸੀ ਕਰਨ ‘ਚ ਨਾਕਾਮ ਰਹੇ ਹਨ | ਮੁੰਬਈ ਲਈ ਦੂਜੀ ਪਾਰੀ ‘ਚ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ‘ਚ ਨਹੀਂ ਬਦਲ ਸਕੇ। ਇਸ ਦੇ ਨਾਲ ਹੀ ਮੁੰਬਈ ਦੇ ਇੱਕ ਹੋਰ ਬੱਲੇਬਾਜ਼ ਯਸ਼ਸਵੀ ਜੈਸਵਾਲ ਵੀ ਪ੍ਰਭਾਵਿਤ ਕਰਨ ‘ਚ ਅਸਫਲ ਰਹੇ ਅਤੇ ਦੋਵੇਂ ਪਾਰੀਆਂ ‘ਚ ਸਸਤੇ ‘ਚ ਪੈਵੇਲੀਅਨ ਪਰਤ ਗਏ।
ਰੋਹਿਤ ਸ਼ਰਮਾ ਅਤੇ ਯਸ਼ਸਵੀ ਨੇ ਜੰਮੂ-ਕਸ਼ਮੀਰ ਖਿਲਾਫ ਏਲੀਟ ਗਰੁੱਪ-ਏ ਮੈਚ ਦੀ ਦੂਜੀ ਪਾਰੀ ‘ਚ ਮੁੰਬਈ ਨੂੰ ਚੰਗੀ ਸ਼ੁਰੂਆਤ ਦਿੱਤੀ ਸੀ ਅਤੇ ਪਹਿਲੀ ਵਿਕਟ ਲਈ 54 ਦੌੜਾਂ ਜੋੜੀਆਂ ਸਨ, ਪਰ ਰੋਹਿਤ ਦੇ ਆਊਟ ਹੁੰਦੇ ਹੀ ਮੁੰਬਈ ਦੀ ਪਾਰੀ ਢਹਿ ਗਈ।
ਜੰਮੂ-ਕਸ਼ਮੀਰ ਵਿਰੁੱਧ ਮੁੰਬਈ ਲਈ ਖੇਡ ਰਹੇ ਰੋਹਿਤ ਸ਼ਰਮਾ ਪਹਿਲੀ ਪਾਰੀ ‘ਚ 19 ਗੇਂਦਾਂ ‘ਚ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੇ ਪਰ ਦੂਜੀ ਪਾਰੀ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਆਪਣਾ ਹਮਲਾਵਰ ਅੰਦਾਜ਼ ਖੁੱਲ੍ਹ ਕੇ ਦਿਖਾਇਆ। ਉਨ੍ਹਾਂ ਦੂਜੀ ਪਾਰੀ ‘ਚ 28 ਦੌੜਾਂ ਬਣਾਈਆਂ, ਜੋ ਕਿ ਪਿਛਲੇ ਸਾਲ ਨਿਊਜ਼ੀਲੈਂਡ ਵਿਰੁੱਧ ਬੰਗਲੁਰੂ ਟੈਸਟ ਦੀ ਦੂਜੀ ਪਾਰੀ ‘ਚ 52 ਦੌੜਾਂ ਬਣਾਉਣ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਰੋਹਿਤ ਸ਼ਰਮਾ ਨੇ ਉਮਰ ਨਜ਼ੀਰ ਨੂੰ ਛੱਕਾ ਮਾਰ ਕੇ ਆਪਣੇ ਅਸਲੀ ਖੇਡ ਦੀ ਝਲਕ ਦਿਖਾਈ ਅਤੇ ਆਕਿਬ ਨਬੀ ਅਤੇ ਯੁੱਧਵੀਰ ਸਿੰਘ ਨੂੰ ਵੱਡੇ ਸ਼ਾਟ ਵੀ ਲਗਾਏ, ਪਰ ਭਾਰਤੀ ਕਪਤਾਨ ਰਣਜੀ ਟਰਾਫੀ ‘ਚ ਵਾਪਸੀ ‘ਤੇ ਦੂਜੀ ਪਾਰੀ ‘ਚ ਕ੍ਰੀਜ਼ ‘ਤੇ ਜ਼ਿਆਦਾ ਦੇਰ ਨਹੀਂ ਬਿਤਾ ਸਕਿਆ।
ਜਿਕਰਯੋਗ ਹੈ ਕਿ ਰੋਹਿਤ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਮਾੜੇ ਦੌਰ ‘ਚੋਂ ਲੰਘ ਰਿਹਾ ਹੈ ਅਤੇ ਉਹ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਤੋਂ ਪਹਿਲਾਂ ਫਾਰਮ ‘ਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸੇ ਕਾਰਨ ਉਨ੍ਹਾਂ ਨੇ ਰਣਜੀ ਟਰਾਫੀ ‘ਚ ਖੇਡਣ ਦਾ ਫੈਸਲਾ ਕੀਤਾ।
ਦੂਜੇ ਪਾਸੇ ਰਣਜੀ ਟਰਾਫੀ (Ranji Trophy) ‘ਚ ਰਵਿੰਦਰ ਜਡੇਜਾ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ | ਰਣਜੀ ਟਰਾਫੀ ਦੇ ਏਲੀਟ ਗਰੁੱਪ ਡੀ ਮੈਚ ‘ਚ ਸੌਰਾਸ਼ਟਰ ਨੇ ਦਿੱਲੀ ਨੂੰ 10 ਵਿਕਟਾਂ ਨਾਲ ਹਰਾਇਆ। ਆਲਰਾਊਂਡਰ ਰਵਿੰਦਰ ਜਡੇਜਾ ਨੇ ਸੌਰਾਸ਼ਟਰ ਦੀ ਜਿੱਤ ‘ਚ ਵੱਡੀ ਭੂਮਿਕਾ ਨਿਭਾਈ ਅਤੇ ਕੁੱਲ 12 ਵਿਕਟਾਂ ਲਈਆਂ। ਜਡੇਜਾ ਨੇ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲਈਆਂ, ਜਦੋਂ ਕਿ ਦੂਜੀ ਪਾਰੀ ‘ਚ ਉਨ੍ਹਾਂ ਨੇ ਸੱਤ ਵਿਕਟਾਂ ਲਈਆਂ ਅਤੇ ਦਿੱਲੀ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ।
ਦਿੱਲੀ ਨੇ ਪਹਿਲੀ ਪਾਰੀ ‘ਚ 188 ਦੌੜਾਂ ਬਣਾਈਆਂ ਸਨ, ਜਦੋਂ ਕਿ ਸੌਰਾਸ਼ਟਰ ਨੇ ਪਹਿਲੀ ਪਾਰੀ ਵਿੱਚ 271 ਦੌੜਾਂ ਬਣਾਈਆਂ ਸਨ ਅਤੇ 83 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਪਰ ਦਿੱਲੀ ਨੂੰ ਦੂਜੀ ਪਾਰੀ ਵਿੱਚ ਜਡੇਜਾ ਨੇ 94 ਦੌੜਾਂ ‘ਤੇ ਆਊਟ ਕਰ ਦਿੱਤਾ, ਇਸ ਤਰ੍ਹਾਂ ਸੌਰਾਸ਼ਟਰ ਨੂੰ ਜਿੱਤਣ ਲਈ 12 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਪ੍ਰਾਪਤ ਕਰ ਲਿਆ।