ਪਟਿਆਲਾ, 20 ਜੁਲਾਈ 2023: ਹੜ੍ਹ ਪ੍ਰਭਾਵਿਤ ਛੋਟਾ ਅਰਾਈਮਾਜਰਾ ਵਿਖੇ ਅੱਜ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਮੌਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਹਰ ਸਮੇਂ ਆਪਣੇ ਲੋਕਾਂ ਦੇ ਨਾਲ ਖੜ੍ਹੇ ਰਹਿਣ ਦਾ ਵਾਅਦਾ ਪੁਗਾਉਂਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਸਾਰੇ ਮੰਤਰੀ ਤੇ ਵਿਧਾਇਕ, ਰਵਾਇਤੀ ਪਾਰਟੀਆਂ ਦੇ ਬਿਲਕੁਲ ਉਲਟ ਆਪਣੇ ਲੋਕਾਂ ਦੇ ਸੰਕਟ ਦੇ ਸਮੇਂ ਪੀੜ੍ਹਤਾਂ ਦਾ ਡੱਟ ਕੇ ਸਾਥ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਇਸ ਮੁਸ਼ਕਿਲ ਘੜ੍ਹੀ ਦਾ ਮੁਕਾਬਲਾ ਡੱਟ ਕੇ ਕਰਨ ਦਾ ਹੌਂਸਲਾ ਮਿਲਿਆ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਐਮ ਐੱਲ ਏ ਕੋਹਲੀ ਨੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਇਸ ਲੋਕ ਸੇਵਾ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਲਈ ਪੁੱਜਣ ਵਾਸਤੇ ਦੇਵ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ, ਐਸ ਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਤੇ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੁਦਰਤੀ ਆਫਤ ਮੌਕੇ ਜਿਸ ਵੀ ਵਿਅਕਤੀ ਜਾਂ ਸੰਸਥਾ ਨੇ ਲੋਕਾਂ ਦੀ ਕਿਸੇ ਵੀ ਰੂਪ ਵਿੱਚ ਮਦਦ ਕੀਤੀ, ਉਹ ਆਪਣੇ ਵਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਨ।