Rapper Badshah

ਨਵੇਂ ਗਾਣੇ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰੈਪਰ ਬਾਦਸ਼ਾਹ, ਈਸਾਈ ਭਾਈਚਾਰੇ ਨੇ ਦਰਜ ਕਰਵਾਈ ਸ਼ਿਕਾਇਤ

ਚੰਡੀਗੜ੍ਹ, 29 ਅਪ੍ਰੈਲ 2025: ਪੰਜਾਬੀ ਰੈਪਰ ਬਾਦਸ਼ਾਹ (Rapper Badshah) ਦਾ ਨਵਾਂ ਗੀਤ ਵੈਲਵੇਟ ਫਲੋ ਵਿਵਾਦਾਂ ‘ਚ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਈਸਾਈ ਭਾਈਚਾਰੇ ਨੇ ਰੈਪਰ ਬਾਦਸ਼ਾਹ ਦੇ ਨਵੇਂ ਗੀਤ ਵੈਲਵੇਟ ਫਲੋ ‘ਤੇ ਆਪਣਾ ਇਤਰਾਜ਼ ਜ਼ਾਹਿਰ ਕੀਤਾ ਹੈ।

ਈਸਾਈ ਭਾਈਚਾਰੇ ਨੇ ਬਾਦਸ਼ਾਹ ਦੇ ਗਾਣੇ ਦੇ ਪਹਿਲੇ ਪੈਰੇ ‘ਚ ਚਰਚ ਅਤੇ ਬਾਈਬਲ ਬਾਰੇ ਵਰਤੇ ਗਏ ਸ਼ਬਦਾਂ ‘ਤੇ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਈਸਾਈ ਭਾਈਚਾਰੇ ਦੇ ਆਗੂਆਂ ਵੱਲੋਂ ਕਮਿਸ਼ਨਰੇਟ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਛੇਤੀ ਹੀ ਐਫਆਈਆਰ ਦਰਜ ਕਰ ਸਕਦੀ ਹੈ।

ਇਸ ਸਬੰਧੀ ਜਲੰਧਰ ਦੇ ਪਾਸਟਰ ਗੌਰਵ ਮਸੀਹ ਗਿੱਲ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਧਾਰਮਿਕ ਵਿੰਗ ਦੇ ਸੂਬਾ ਪ੍ਰਧਾਨ ਹਨ। ਉਨ੍ਹਾਂ ਨੂੰ ਉਸਦੇ ਇੱਕ ਦੋਸਤ ਦਾ ਫ਼ੋਨ ਆਇਆ। ਜਿਸ ‘ਚ ਉਸਦੇ ਦੋਸਤ ਨੇ ਕਿਹਾ- ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਦੇਖਿਆ ਗਿਆ ਹੈ। ਜਿਸ ‘ਚ ਬਾਲੀਵੁੱਡ ਗਾਇਕ-ਰੈਪਰ ਬਾਦਸ਼ਾਹ ਦਾ ਇੱਕ ਗੀਤ (ਵੈਲਵੇਟ ਫਲੋ) ਚੱਲ ਰਿਹਾ ਹੈ। ਗੀਤ ‘ਚ ਉਸਨੇ ਆਪਣੇ ਗੀਤ ਦੇ ਸ਼ਬਦਾਂ ਰਾਹੀਂ ਪਵਿੱਤਰ ਬਾਈਬਲ ਅਤੇ ਈਸਾਈ ਭਾਈਚਾਰੇ ਦੇ ਚਰਚ ਦੀ ਦੁਰਵਰਤੋਂ ਕੀਤੀ ਹੈ।

ਗਿੱਲ ਦਾ ਕਹਿਣਾ ਹੈ ਕਿ ਇਸ ਅਸ਼ਲੀਲ ਗਾਣੇ ਨੂੰ ਸ਼ਾਮਲ ਕਰਨ ਨਾਲ ਸਮੁੱਚੇ ਈਸਾਈ ਭਾਈਚਾਰੇ ‘ਚ ਰੋਸ ਹੈ। ਜਿਸ ਕਾਰਨ ਸਾਡੇ ਸਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਗਾਇਕ ਬਾਦਸ਼ਾਹ (Rapper Badshah) ਅਤੇ ਉਸਦੇ ਸਾਥੀਆਂ ਵਿਰੁੱਧ ਧਾਰਮਿਕ ਭਾਵਨਾਵਾਂ ਅਤੇ ਧਰਮ ਨਿਰਪੱਖਤਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸਦੇ ਨਾਲ ਹੀ ਵੈਲਵੇਟ ਫਲੋ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾ ਦੇਣਾ ਚਾਹੀਦਾ ਹੈ।

Read More: ਈਸਾਈ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਫਿਲਮ ‘ਜਾਟ’ ਦਾ ਵਿਵਾਦਾਂ ਸੀਨ ਹਟਾਇਆ, ਜਾਣੋ ਪੂਰਾ ਮਾਮਲਾ

Scroll to Top