ਚੰਡੀਗੜ੍ਹ 10ਅਗਸਤ 2025 : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (dr.baljit kaur) ਨੇ ਰੱਖੜੀ ਦੇ ਸ਼ੁਭ ਮੌਕੇ ‘ਤੇ ਵਿਭਾਗ ਦੀਆਂ 435 ਆਂਗਣਵਾੜੀ ਹੈਲਪਰਾਂ ਨੂੰ ਆਂਗਣਵਾੜੀ ਵਰਕਰਾਂ ਵਜੋਂ ਤਰੱਕੀ ਦੇ ਕੇ ਆਂਗਣਵਾੜੀ ਹੈਲਪਰਾਂ ਅਤੇ ਵਰਕਰਾਂ ਨੂੰ ਵੱਡਾ ਤੋਹਫ਼ਾ ਦਿੱਤਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਬਲਜੀਤ ਕੌਰ (dr.baljit kaur) ਨੇ ਕਿਹਾ ਕਿ 10ਵੀਂ ਪਾਸ ਆਂਗਣਵਾੜੀ ਹੈਲਪਰਾਂ, ਜੋ ਲੰਬੇ ਸਮੇਂ ਤੋਂ ਸੇਵਾ ਕਰ ਰਹੀਆਂ ਹਨ ਅਤੇ 10 ਸਾਲਾਂ ਦਾ ਤਜਰਬਾ ਰੱਖਦੀਆਂ ਹਨ, ਨੂੰ ਵਰਕਰ ਵਜੋਂ ਤਰੱਕੀ ਦੇਣ ਲਈ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਹੈ। ਇਸ ਤਹਿਤ, ਡਿਊਟੀ ਦੌਰਾਨ ਸਥਾਈ ਤੌਰ ‘ਤੇ ਅਪਾਹਜ ਹੋ ਜਾਣ ਵਾਲੇ ਜਾਂ ਕਿਸੇ ਗੰਭੀਰ/ਜਾਨਲੇਵਾ ਬਿਮਾਰੀ ਤੋਂ ਪੀੜਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਆਸ਼ਰਿਤਾਂ ਨੂੰ ਵਿਸ਼ੇਸ਼ ਮੌਕੇ ਤਹਿਤ ਨੌਕਰੀ ਦੇਣ ਦੀ ਪ੍ਰਕਿਰਿਆ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ, ਸਾਰੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨੂੰ 31 ਅਗਸਤ 2025 ਤੋਂ ਪਹਿਲਾਂ ਪੁਰਾਣੇ ਲੰਬਿਤ ਨਿਰਭਰਤਾ ਕੇਸਾਂ ਅਤੇ ਤਬਾਦਲੇ ਦੇ ਕੇਸਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਲਗਭਗ 5000 ਆਂਗਣਵਾੜੀ ਹੈਲਪਰਾਂ ਅਤੇ ਵਰਕਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ 1 ਸਤੰਬਰ 2025 ਤੋਂ ਸ਼ੁਰੂ ਕੀਤੀ ਜਾਵੇਗੀ, ਜੋ ਕਿ ਪਾਰਦਰਸ਼ੀ ਅਤੇ ਪੂਰੀ ਤਰ੍ਹਾਂ ਯੋਗਤਾ ਦੇ ਅਧਾਰ ‘ਤੇ ਹੋਵੇਗੀ। ਸਾਰੇ ਜ਼ਿਲ੍ਹਾ ਅਫ਼ਸਰਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਭਰਤੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸ਼ਿਕਾਇਤਾਂ ਮਿਲਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read More: ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ 102.69 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ ਜਾਰੀ: ਡਾ.ਬਲਜੀਤ ਕੌਰ