July 7, 2024 4:35 pm
ਜੰਮੂ ਅਤੇ ਕਸ਼ਮੀਰ

ਰਾਜ ਸਭਾ ‘ਚ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਦੋ ਬਿੱਲ ਪਾਸ

ਚੰਡੀਗੜ੍ਹ,11 ਦਸੰਬਰ, 2023: ਸੰਸਦ ਦੇ ਸਰਦ ਰੁੱਤ ਇਜਲਾਸ ਦੇ ਛੇਵੇਂ ਦਿਨ (11 ਦਸੰਬਰ) ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਜੰਮੂ-ਕਸ਼ਮੀਰ ਨਾਲ ਸਬੰਧਤ ਦੋ ਬਿੱਲ ਪੇਸ਼ ਕੀਤੇ। ਇਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਰਿਜ਼ਰਵੇਸ਼ਨ (ਸੋਧ) ਅਤੇ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿੱਲ 2023 ਸ਼ਾਮਲ ਹਨ।

ਰਾਜ ਸਭਾ ‘ਚ ਬਹਿਸ ਦੌਰਾਨ ਅਮਿਤ ਸ਼ਾਹ ਨੇ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਨੂੰ ਚਿਤਾਵਨੀ ਦਿੱਤੀ ਕਿ ਉਹ ਵਾਪਸ ਆ ਜਾਣ, ਨਹੀਂ ਤਾਂ ਤੁਹਾਡੇ ਜਿੰਨੇ ਵੀ ਹਨ, ਉਹ ਵੀ ਨਹੀਂ ਬਚਣਗੇ। ਦਰਅਸਲ ਦਿਨ ਭਰ ਬਿੱਲ ‘ਤੇ ਬਹਿਸ ਦੌਰਾਨ ਵਿਰੋਧੀ ਧਿਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਗਲਤ ਦੱਸਦੀ ਰਹੀ।

ਅਮਿਤ ਸ਼ਾਹ ਦੇ ਜਵਾਬ ਦੌਰਾਨ ਵੀ ਵਿਰੋਧੀ ਧਿਰ ਨੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਬਿੱਲਾਂ ‘ਤੇ ਵੋਟਿੰਗ ਹੋਈ ਅਤੇ ਦੋਵੇਂ ਬਿੱਲ ਰਾਜ ਸਭਾ ਤੋਂ ਪਾਸ ਵੀ ਹੋ ਗਏ। ਬਿੱਲ ਦੇ ਪਾਸ ਹੋਣ ਨਾਲ ਜੰਮੂ ਵਿੱਚ 37 ਦੀ ਬਜਾਏ 43 ਅਤੇ ਕਸ਼ਮੀਰ ਵਿੱਚ 46 ਦੀ ਬਜਾਏ 47 ਵਿਧਾਨ ਸਭਾ ਸੀਟਾਂ ਹੋ ਜਾਣਗੀਆਂ। ਪਹਿਲਾਂ 83 ਸੀਟਾਂ ਸਨ, ਜੋ ਵਧ ਕੇ 90 ਹੋ ਜਾਣਗੀਆਂ। ਲੱਦਾਖ ਅਜੇ ਇਸ ਵਿੱਚ ਸ਼ਾਮਲ ਨਹੀਂ ਹੈ।

ਜਦੋਂ ਕਿ ਪੀਓਕੇ ਲਈ 24 ਸੀਟਾਂ ਰਾਖਵੀਆਂ ਹਨ। 9 ਸੀਟਾਂ SC/ST ਲਈ ਰਾਖਵੀਆਂ ਹਨ। ਇਸ ਤੋਂ ਇਲਾਵਾ ਕਸ਼ਮੀਰੀ ਪੰਡਿਤਾਂ ਲਈ 2 ਸੀਟਾਂ ਅਤੇ ਪੀਓਕੇ ਦੇ ਵਿਸਥਾਪਿਤ ਲੋਕਾਂ ਲਈ 1 ਸੀਟ ਵੀ ਸੰਸਦ ਵਿੱਚ ਰਾਖਵੀਂ ਹੋਵੇਗੀ।