ਚੰਡੀਗੜ੍ਹ, 14 ਅਕਤੂਬਰ 2024: ਹਰਿਆਣਾ ਤੋਂ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ (Krishan Lal Panwar) ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਸੌਂਪ ਦਿੱਤਾ ਹੈ।
ਜਿਕਰਯੋਗ ਹੈ ਕਿ ਹਰਿਆਣਾ ‘ਚ ਵਿਧਾਨ ਸਭਾ ਚੋਣਾਂ 2024 ‘ਚ ਵਿਧਾਇਕ ਬਣਨ ਤੋਂ ਬਾਅਦ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜ ਸਭਾ ਮੈਂਬਰ ਹੁੰਦਿਆਂ ਉਨ੍ਹਾਂ ਭਾਜਪਾ ਦੀ ਟਿਕਟ ‘ਤੇ ਇਸਰਾਨਾ ਹਲਕੇ ਤੋਂ ਚੋਣ ਲੜੀ ਸੀ।
ਕ੍ਰਿਸ਼ਨ ਲਾਲ ਪੰਵਾਰ ਨੇ ਇਸਰਾਣਾ ਵਿਧਾਨ ਸਭਾ ਸੀਟ ‘ਤੇ ਕਾਂਗਰਸ ਦੇ ਬਲਵੀਰ ਸਿੰਘ ਵਾਲਮੀਕੀ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ । ਇਨ੍ਹਾਂ ਚੋਣਾਂ ‘ਚ ਕ੍ਰਿਸ਼ਨ ਲਾਲ ਪੰਵਾਰ ਨੂੰ 67538 ਵੋਟਾਂ ਮਿਲੀਆਂ ਜਦਕਿ ਬਲਵੀਰ ਸਿੰਘ ਵਾਲਮੀਕੀ ਨੂੰ 53643 ਵੋਟਾਂ ਮਿਲੀਆਂ। ਆਜ਼ਾਦ ਰਾਕੇਸ਼ ਸਰੋਹਾ 4283 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ।
ਕ੍ਰਿਸ਼ਨ ਲਾਲ ਪੰਵਾਰ (Krishan Lal Panwar) 2014 ‘ਚ ਭਾਜਪਾ ਸਰਕਾਰ ‘ਚ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਹਨ। ਹੁਣ ਇੱਕ ਵਾਰ ਫਿਰ ਉਹ ਮੰਤਰੀ ਅਹੁਦੇ ਦੀ ਦੌੜ ‘ਚ ਹਨ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਦਾ ਅਸਤੀਫਾ ਵੀ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ। ਕ੍ਰਿਸ਼ਨ ਲਾਲ ਪੰਵਾਰ ਇਸਰਾਨਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਣੇ ਹਨ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਰਾਜ ਸਭਾ ਛੱਡਣੀ ਪਈ।