ਨਵੀਂ ਦਿੱਲੀ, 21 ਜੁਲਾਈ 2025: ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ, ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਤਿੰਨ ਨਾਮਜ਼ਦ ਮੈਂਬਰਾਂ ਸਮੇਤ ਪੰਜ ਰਾਜ ਸਭਾ ਮੈਂਬਰਾਂ ਨੇ ਸੋਮਵਾਰ ਨੂੰ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ।
ਸਦਨ ਨੇ ਅਪ੍ਰੈਲ ‘ਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱ.ਤ.ਵਾਦੀ ਹਮਲੇ ਅਤੇ ਜੂਨ ‘ਚ ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਰਾਜ ਸਭਾ ਨੇ ਕਾਂਗਰਸ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂ ਮਲਿਕਾਰੁਜਨ ਖੜਗੇ ਦੇ ਨਾਲ-ਨਾਲ ਲਕਸ਼ਮੀਕਾਂਤ ਬਾਜਪਾਈ, ਰਾਜੀਵ ਸ਼ੁਕਲਾ ਅਤੇ ਸੰਗੀਤਾ ਯਾਦਵ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਬੀਰੇਂਦਰ ਪ੍ਰਸਾਦ ਵੈਸ਼ (ਏਜੇਪੀ) ਅਤੇ ਕਣਾਦ ਪੁਰਕਾਯਸਥ (ਭਾਜਪਾ) ਨੇ ਸਹੁੰ ਚੁੱਕੀ। ਤਿੰਨ ਨਾਮਜ਼ਦ ਮੈਂਬਰ ਮੀਨਾਕਸ਼ੀ ਜੈਨ, ਸੀ ਸਦਾਨੰਦਨ ਮਾਸਟਰ ਅਤੇ ਹਰਸ਼ ਵਰਧਨ ਸ਼੍ਰਿੰਗਲਾ ਨੇ ਵੀ ਸਹੁੰ ਚੁੱਕੀ। ਸਦਨ ਨੇ ਹਾਲ ਹੀ ‘ਚ ਅਕਾਲ ਚਲਾਣਾ ਕਰ ਗਏ ਸਾਬਕਾ ਮੈਂਬਰਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਸੀ. ਪੇਰੂਮਲ, ਕੇ. ਕਸਤੂਰੀਰੰਗਨ, ਰੋਨਾਲਡ ਸਾਪਾ ਤਲੌ, ਨੇਪਾਲਦੇਵ ਭੱਟਾਚਾਰਜੀ, ਸੁਖਦੇਵ ਸਿੰਘ ਢੀਂਡਸਾ, ਥੇਨਾਲਾ ਜੀ. ਬਾਲਕ੍ਰਿਸ਼ਨ ਪਿੱਲਈ ਅਤੇ ਵਿਜੇ ਕੁਮਾਰ ਰੁਪਾਣੀ ਲਈ ਸ਼ਰਧਾਂਜਲੀ ਹਵਾਲੇ ਦਿੱਤੇ ਗਏ।