ਰਾਜਪੁਰਾ, 06 ਜੁਲਾਈ 2024: ਰਾਜਪੁਰਾ (Rajpura) ‘ਚ ਬਿਜਲੀ ਸਪਲਾਈ ’ਚ ਖ਼ਰਾਬੀ ਠੀਕ ਕਰਨ ਲਈ ਖੰਭੇ ’ਤੇ ਚੜ੍ਹੇ ਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਜਾਨ ਚਲੀ ਗਈ | ਮ੍ਰਿਤਕ ਲਾਈਨਮੈਨ ਦੀ ਪਛਾਣ ਸਤਵਿੰਦਰ ਸਿੰਘ, ਵਾਸੀ ਰਾਜਪੁਰਾ ਵਜੋਂ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਮੁਰੰਮਤ ਦੇ ਕੰਮ ਕਰਕੇ ਪਿੱਛੋਂ ਬਿਜਲੀ ਸਪਲਾਈ ਬੰਦ ਕੀਤੀ ਗਈ ਸੀ ਪਰ ਕਿਸੇ ਨੇ ਪਿੱਛੇ ਤੋਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ।
ਲਾਈਨਮੈਨ ਸਤਵਿੰਦਰ ਸਿੰਘ ਜੋ ਬਿਜਲੀ ਦੇ ਖੰਭੇ ’ਤੇ ਚੜ੍ਹਿਆ ਹੋਇਆ ਸੀ, ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਦਿੱਤਾ । ਸੂਚਨਾ ਮਿਲਣ ‘ਤੇ ਪੁਲਿਸ ਟੀਮ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਕਾਫੀ ਮੁਸ਼ੱਕਤ ਤੋਂ ਬਾਅਦ ਲਾਈਨਮੈਨ ਦੀ ਮ੍ਰਿਤਕ ਦੇਹ ਨੂੰ ਖੰਭੇ ਤੋਂ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਖਰੜ ਪਹੁੰਚਾਇਆ ।ਸਤਵਿੰਦਰ ਸਿੰਘ ਦਾ ਇੱਕ 4 ਸਾਲ ਦਾ ਬੇਟਾ ਹੈ ਅਤੇ ਚਾਰ ਸਾਲਾਂ ਤੋਂ ਬਿਜਲੀ ਨਿਗਮ (Rajpura) ’ਚ ਠੇਕੇ ’ਤੇ ਲਾਈਨਮੈਨ ਵਜੋਂ ਕੰਮ ਕਰ ਰਿਹਾ ਸੀ।
ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਰੰਮਤ ਦੇ ਕੰਮ ਦੌਰਾਨ ਸਬੰਧਤ ਫੀਡਰ ਤੋਂ ਬਿਜਲੀ ਕੱਟ ਦਿੱਤੀ ਸੀ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਿਸੇ ਇਲਾਕੇ ’ਚ ਚੱਲ ਰਹੇ ਜਨਰੇਟਰ ਤੋਂ ਬਿਜਲੀ ਬੈਕਅੱਪ ਲੈ ਕੇ ਇਸ ਲਾਈਨ ਤੱਕ ਪਹੁੰਚ ਗਈ ਸੀ, ਜਿਸ ਕਾਰਨ ਸਤਵਿੰਦਰ ਸਿੰਘ ਦੀ ਜਾਨ ਚਲੀ ਗਈ।