ਚੰਡੀਗੜ੍ਹ, 14 ਨਵੰਬਰ 2024: ਰਾਜਸਥਾਨ (Rajasthan) ਦੇ ਟੋਂਕ ਜ਼ਿਲ੍ਹੇ ਦੀ ਦੇਵਲੀ ਉਨਿਆਰਾ ਸੀਟ ‘ਤੇ ਜ਼ਿਮਨੀ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਨਰੇਸ਼ ਮੀਨਾ (Naresh Meena) ਦੇ ਵੱਲੋਂ ਐੱਸ.ਡੀ.ਐੱਮ ਨੂੰ ਥੱਪੜ ਮਾਰਨ ਦੀ ਘਟਨਾ ਕਾਰਨ ਤਣਾਅ ਬਣਿਆ ਹੋਇਆ ਹੈ |
ਐਸਡੀਐਮ ਦੇ ਥੱਪੜ ਮਾਮਲੇ ‘ਚ ਨਰੇਸ਼ ਮੀਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਪੁਲਿਸ ਨੂੰ ਗ੍ਰਿਫਤਾਰੀ ਦੇਣ ਪਹੁੰਚਿਆ ਹਾਂ, ਪਰ ਪੁਲਿਸ ਨਹੀਂ ਹੈ। ਮੈਂ ਪੁਲਿਸ ਤੋਂ ਭੱਜਿਆ ਨਹੀਂ, ਇਹ ਮੇਰਾ ਕਿਰਦਾਰ ਨਹੀਂ ਹੈ। ਇਹ ਪੁਲਿਸ ਵਾਲੇ ਹੀ ਇੱਥੋਂ ਭੱਜ ਗਏ ਸਨ।
ਦੇਵਲੀ-ਉਨਿਆਰਾ ਵਿਧਾਨ ਸਭਾ ਹਲਕੇ ‘ਚ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਨਰੇਸ਼ ਮੀਨਾ ਨੂੰ ਹਿਰਾਸਤ ‘ਚ ਲੈ ਲਿਆ ਸੀ। ਇਸ ਦੌਰਾਨ ਹੰਗਾਮੇ ‘ਚ ਮੀਨਾ ਦੇ ਫਰਾਰ ਹੋਣ ਕਾਰਨ ਸਮਰਾਤਾ ‘ਚ ਦੇਰ ਰਾਤ ਹੋਈ ਹਿੰਸਾ ਤੋਂ ਬਾਅਦ ਇਲਾਕੇ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ।
ਸਥਿਤੀ ਇੰਨੀ ਖਰਾਬ ਹੋ ਗਈ ਕਿ ਲੋਕਾਂ ਨੇ 100 ਤੋਂ ਵੱਧ ਕਾਰਾਂ, ਬਾਈਕ ਅਤੇ ਜੀਪਾਂ ਨੂੰ ਅੱਗ ਲਗਾ ਦਿੱਤੀ ਗਈ। ਪਿੰਡ ਵਾਸੀਆਂ ‘ਚ ਹੁਣ ਵੀ ਡਰ ਦਾ ਮਾਹੌਲ ਹੈ। ਪਿੰਡ ਵਾਸੀ ਕਹਿ ਰਹੇ ਹਨ ਕਿ ਪੁਲਿਸ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ‘ਚੋਂ ਹੀ ਹਿਰਾਸਤ ‘ਚ ਲੈ ਲਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ‘ਚ ਸਾਡਾ ਕੋਈ ਕਸੂਰ ਨਹੀਂ ਹੈ।
ਵੋਟਾਂ ਦਾ ਸਮਾਂ ਖਤਮ ਹੋਣ ‘ਤੇ ਪਿੰਡ ਵਾਸੀਆਂ ਨੇ ਪੋਲਿੰਗ ਪਾਰਟੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਗੁੱਸੇ ‘ਚ ਆਏ ਲੋਕਾਂ ਨੇ ਐਸਪੀ ਵਿਕਾਸ ਸਾਂਗਵਾਨ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਇਸ ਦੌਰਾਨ ਪੁਲਿਸ ਨੇ ਰਾਤ ਕਰੀਬ ਸਾਢੇ ਨੌਂ ਵਜੇ ਨਰੇਸ਼ ਮੀਨਾ (Naresh Meena) ਨੂੰ ਹਿਰਾਸਤ ‘ਚ ਲੈ ਲਿਆ। ਜਿਵੇਂ ਹੀ ਮੀਨਾ ਦੇ ਸਮਰਥਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੋਰ ਭੜਕ ਗਏ।
ਇਸ ਘਟਨਾ ‘ਚ ਭੜਕੇ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਘੇਰ ਲਿਆ ਅਤੇ ਮੀਨਾ (Naresh Meena) ਨੂੰ ਛੁਡਵਾਇਆ। ਹੰਗਾਮੇ ‘ਚ 50 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ 10 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
ਦਰਅਸਲ, ਕੱਲ੍ਹ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਨੇ ਗੁੱਸੇ ‘ਚ ਆ ਕੇ ਮਾਲਪੁਰਾ ਦੇ ਐਸਡੀਐਮ ਅਮਿਤ ਚੌਧਰੀ ਨੂੰ ਥੱਪੜ ਮਾਰ ਦਿੱਤਾ। ਜਿਸ ਕਾਰਨ ਉਥੇ ਮਾਹੌਲ ਵਿਗੜ ਗਿਆ।
ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਹੰਗਾਮਾ ਹੋ ਗਿਆ। ਇੱਥੇ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਲੈ ਕੇ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਅਤੇ ਐਸਡੀਐਮ ਦਰਮਿਆਨ ਝੜੱਪ ਹੋ ਗਈ। ਇਸ ਤੋਂ ਬਾਅਦ ਨਰੇਸ਼ ਮੀਨਾ ਨੇ ਆਪਾ ਖੋ ਲਿਆ ਅਤੇ ਐਸਡੀਐਮ ਨੂੰ ਥੱਪੜ ਮਾਰ ਦਿੱਤਾ।
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਡੀਜੀਪੀ ਤੋਂ ਮਾਮਲੇ ਦੀ ਜਾਣਕਾਰੀ ਲੈਂਦਿਆਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਜਲ ਸਪਲਾਈ ਵਿਭਾਗ ਦੇ ਮੰਤਰੀ ਕਨ੍ਹਈਲਾਲ ਮੀਨਾ ਨਾਲ ਵੀ ਗੱਲ ਕੀਤੀ ਹੈ ਅਤੇ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ।
ਪੁਲਿਸ ਹੈੱਡਕੁਆਰਟਰ ਤੋਂ ਵੀ ਪੂਰੇ ਮਾਮਲੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਿਸ ਹੈੱਡਕੁਆਰਟਰ ਦੀਆਂ ਹਦਾਇਤਾਂ ‘ਤੇ ਜੈਪੁਰ ਤੋਂ ਐਸਟੀਐਫ ਅਤੇ ਆਰਏਸੀ ਦੀਆਂ ਤਿੰਨ ਕੰਪਨੀਆਂ ਸਮੇਤ ਵਾਧੂ ਬਲ ਭੇਜੇ ਗਏ ਹਨ।
ਮਿਲੀ ਜਾਣਕਾਰੀ ਮੁਤਬਕ ਦੇਵਲੀ ਉਨਿਆਰਾ ਵਿਧਾਨ ਸਭਾ ਹਲਕੇ ਦੀ ਕੱਚਰਾਵਤਾ ਗ੍ਰਾਮ ਪੰਚਾਇਤ ਸਮਰਾਵਤ ਦੇ ਪਿੰਡ ਵਾਸੀਆਂ ਨੇ ਵੋਟਾਂ ਦਾ ਬਾਈਕਾਟ ਕੀਤਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪਹਿਲਾਂ ਉਨਿਆਰਾ ਸਬ-ਡਿਵੀਜ਼ਨ ‘ਚ ਸੀ ਪਰ ਬਾਅਦ ‘ਚ ਪਿਛਲੀ ਸਰਕਾਰ ਨੇ ਉਨ੍ਹਾਂ ਦੇ ਪਿੰਡ ਨੂੰ ਉਨਿਆਰਾ ਤੋਂ ਹਟਾ ਕੇ ਦੇਵਲੀ ਸਬ-ਡਿਵੀਜ਼ਨ ‘ਚ ਸ਼ਾਮਲ ਕਰ ਦਿੱਤਾ ਸੀ। ਇਸ ਤੋਂ ਲੋਕ ਨਾਖੁਸ਼ ਹਨ। ਪਿੰਡ ਵਾਸੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਪਿੰਡ ਨੂੰ ਵਾਪਸ ਉਨਿਆਰਾ ‘ਚ ਸ਼ਾਮਲ ਕੀਤਾ ਜਾਵੇ।