July 7, 2024 12:07 pm
Rajasthan

ਰਾਜਸਥਾਨ: 14 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਚੰਡੀਗੜ੍ਹ, 20 ਮਈ 2024: ਰਾਜਸਥਾਨ (Rajasthan) ਦੇ ਸ਼ਾਹਪੁਰਾ ਜ਼ਿਲੇ ਦੇ ਕੋਟੜੀ ‘ਚ 14 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਅਤੇ ਉਸ ਨੂੰ ਜ਼ਿੰਦਾ ਸਾੜਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਬਹੁਚਰਚਿਤ ਮਾਮਲੇ ‘ਚ ਭੀਲਵਾੜਾ ਪੋਕਸੋ ਕੋਰਟ-2 ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ, ਜਿਸ ‘ਚ ਦੋਵਾਂ ਕਾਲੂ ਅਤੇ ਕਾਨ੍ਹਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ 18 ਮਈ ਨੂੰ ਭੀਲਵਾੜਾ ਪੋਕਸੋ ਅਦਾਲਤ ਨੇ ਕਾਲੂ ਅਤੇ ਕਾਨ੍ਹਾ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦੋਂ ਕਿ ਸੱਤ ਜਣਿਆਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਸੋਮਵਾਰ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਅੱਜ ਦੀ ਸੁਣਵਾਈ ਦੌਰਾਨ ਪੀੜਤਾ ਦੇ ਮਾਪੇ ਵੀ ਅਦਾਲਤ ਵਿੱਚ ਹਾਜ਼ਰ ਸਨ। ਫੈਸਲਾ ਸੁਣਦਿਆਂ ਪੀੜਤਾ ਦੀ ਮਾਂ ਨੇ ਕਿਹਾ ਕਿ ਅੱਜ ਸਾਨੂੰ ਇਨਸਾਫ਼ ਮਿਲਿਆ ਹੈ। ਜਿਨ੍ਹਾਂ ਸੱਤ ਜਣਿਆਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਦੋਵਾਂ ਦੋਸ਼ੀਆਂ ਦੀ ਪਤਨੀ, ਮਾਂ, ਭੈਣ ਅਤੇ ਹੋਰ ਸ਼ਾਮਲ ਹਨ।

ਸਰਕਾਰੀ ਵਕੀਲ ਮਹਾਵੀਰ ਕਿਸ਼ਨਾਵਤ ਨੇ ਕਿਹਾ ਕਿ ਨਾਬਾਲਗ ਲੜਕੀ ਨੂੰ ਪਿਛਲੇ ਸਾਲ ਅਗਸਤ ‘ਚ ਸਮੂਹਿਕ ਬਲਾਤਕਾਰ ਤੋਂ ਬਾਅਦ ਕੋਲੇ ਦੀ ਭੱਠੀ ‘ਚ ਜ਼ਿੰਦਾ ਸਾੜ ਦਿੱਤਾ ਗਿਆ ਸੀ। ਪੁਲਿਸ ਨੇ ਇੱਕ ਮਹੀਨੇ ਦੇ ਅੰਦਰ 473 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਸਨ ।