July 4, 2024 9:40 pm
Raja Warring

ਚੰਡੀਗੜ੍ਹ ਮੇਅਰ ਦੀ ਚੋਣ ‘ਤੇ ਰਾਜਾ ਵੜਿੰਗ ਦਾ ਬਿਆਨ, ਆਖਿਆ- ਭਾਜਪਾ ਲੋਕਤੰਤਰ ਦਾ ਕਤਲ ਕਰਨ ‘ਤੇ ਤੁਲੀ ਹੋਈ ਹੈ

ਚੰਡੀਗੜ੍ਹ, 30 ਜਨਵਰੀ 2024: ਭਾਜਪਾ ਨੇ ਚੰਡੀਗੜ੍ਹ (Chandigarh) ਦੇ ਮੇਅਰ ਦੀ ਚੋਣ ਜਿੱਤ ਲਈ ਹੈ | ਇਸ ਚੋਣ ’ਚ ਕਾਂਗਰਸ-ਆਮ ਆਦਮੀ ਪਾਰਟੀ (ਆਪ) ਗਠਜੋੜ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਸੀ। ਵੋਟਿੰਗ ‘ਚ ਭਾਜਪਾ ਨੂੰ 16 ਵੋਟ ਅਤੇ ਕਾਂਗਰਸ-ਆਮ ਆਦਮੀ ਪਾਰਟੀ ਗਠਜੋੜ ਨੂੰ 12 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ 8 ਵੋਟਾਂ ਰੱਦ ਕਰ ਦਿੱਤੀਆਂ |
ਭਾਜਪਾ ਦੇ ਮਨੋਜ ਸੋਨਕਰ ਚੰਡੀਗੜ੍ਹ ਦੇ ਮੇਅਰ ਚੁਣੇ ਗਏ ਹਨ | ਇਸ ਦੌਰਾਨ ਕਾਂਗਰਸ-ਆਮ ਆਦਮੀ ਪਾਰਟੀ ਗਠਜੋੜ ਨੇ ਭਾਜਪਾ ਦੇ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ |

ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸ਼ੋਸਲ ਮੀਡੀਆ ਖਾਤੇ ‘ਤੇ ਲਿਖਿਆ ਕਿ ਭਾਜਪਾ ਸਿਰਫ਼ ਭ੍ਰਿਸ਼ਟ ਨਹੀਂ ਹੈ, ਇਹ ਲੋਕਤੰਤਰ ਦਾ ਕਤਲ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਧੱਕੇਸ਼ਾਹੀ, ਏਜੰਸੀਆਂ, ਪੈਸੇ, ਦਬਾਅ, ਅਫਸਰਾਂ ਦੀ ਦੁਰਵਰਤੋਂ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੀ ।

ਰਾਜਾ ਵੜਿੰਗ ਨੇ ਇੱਕ ਵੀਡੀਓ ਨੱਥੀ ਕਰਦਿਆਂ ਇੱਕ ਸੀਨੀਅਰ ਅਫ਼ਸਰ ਨੂੰ ਚੰਡੀਗੜ੍ਹ (Chandigarh) ਮੇਅਰ ਚੋਣਾਂ ਵਿੱਚ ਵੋਟਾਂ ਦੀ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਸਿਰਫ਼ ਰਾਜਨੀਤਿਕ ਵਰਗ ਲਈ ਚਿੰਤਾਜਨਕ ਨਹੀਂ ਹੈ, ਇਹ ਹਰ ਮਾਂ-ਬਾਪ ਲਈ, ਹਰ ਵਿਦਿਆਰਥੀ ਲਈ, ਇਸ ਦੇਸ਼ ਦੇ ਹਰ ਨਾਗਰਿਕ ਲਈ ਖ਼ਤਰਨਾਕ ਹੈ | ਉਨ੍ਹਾਂ ਕਿਹਾ ਕਿ ਕੀ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਭਵਿੱਖ ਚਾਹੁੰਦੇ ਹਾਂ? ਕੀ ਅਸੀਂ ਤਾਨਾਸ਼ਾਹੀ ਚਾਹੁੰਦੇ ਹਾਂ?