ਮਹਾਰਾਸ਼ਟਰ 05 ਜੁਲਾਈ 2025: ਪਿਛਲੇ ਹਫ਼ਤੇ ਰਾਜਨੀਤਿਕ ਹਲਕਿਆਂ ‘ਚ ਜਿਸ ਚੀਜ਼ ਦੀ ਸਭ ਤੋਂ ਵੱਧ ਚਰਚਾ ਹੋਈ ਉਹ ਸੀ ਰਾਜ ਠਾਕਰੇ ਅਤੇ ਊਧਵ ਠਾਕਰੇ ਦਾ ਇਕ ਮੰਚ ‘ਤੇ ਇਕੱਠੇ ਆਉਣਾ। ਅੱਜ, ਮਰਾਠੀ ਵਿਜੇ ਦਿਵਸ ਰੈਲੀ ਵਿੱਚ, ਦੋਵੇਂ ਭਰਾ ਲਗਭਗ 20 ਸਾਲਾਂ ਬਾਅਦ ਸਟੇਜ ‘ਤੇ ਇਕੱਠੇ ਦਿਖਾਈ ਦਿੱਤੇ। ਮਤਭੇਦਾਂ ਕਾਰਨ, ਰਾਜ ਠਾਕਰੇ ਨੇ ਸਾਲ 2006 ‘ਚ ਇੱਕ ਵੱਖਰੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਬਣਾਈ।
ਹਾਲਾਂਕਿ, ਰਾਜ ਠਾਕਰੇ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਕੁਝ ਖਾਸ ਪ੍ਰਾਪਤ ਨਹੀਂ ਕਰ ਸਕੇ। ਇਸ ਦੇ ਨਾਲ ਹੀ, ਸ਼ਿਵ ਸੈਨਾ ਯੂਬੀਟੀ ਵੀ ਵੰਡ ਤੋਂ ਬਾਅਦ ਕਮਜ਼ੋਰ ਹੈ। ਇਹੀ ਕਾਰਨ ਹੈ ਕਿ ਦੋਵਾਂ ਭਰਾਵਾਂ ਨੇ ਮਰਾਠੀ ਪਛਾਣ ਦੇ ਨਾਮ ‘ਤੇ ਇਕੱਠੇ ਹੋਣ ਦਾ ਫੈਸਲਾ ਕੀਤਾ। ਮਹਾਰਾਸ਼ਟਰ ਸਰਕਾਰ ਦੇ ਤਿੰਨ-ਭਾਸ਼ੀ ਫਾਰਮੂਲੇ ਤਹਿਤ ਹਿੰਦੀ ਸਿਖਾਉਣ ਦੇ ਫੈਸਲੇ ਨੇ ਰਾਜ ਠਾਕਰੇ ਅਤੇ ਊਧਵ ਠਾਕਰੇ ਦੇ ਇਕੱਠੇ ਹੋਣ ਲਈ ਜ਼ਮੀਨ ਤਿਆਰ ਕੀਤੀ।
ਰਾਜ ਠਾਕਰੇ ਅਤੇ ਊਧਵ ਠਾਕਰੇ ਨੂੰ ਆਖਰੀ ਵਾਰ ਸਾਲ 2005 ਵਿੱਚ ਸਟੇਜ ‘ਤੇ ਇਕੱਠੇ ਦੇਖਿਆ ਗਿਆ ਸੀ। ਉਸ ਸਮੇਂ, ਨਾਰਾਇਣ ਰਾਣੇ ਸ਼ਿਵ ਸੈਨਾ ਤੋਂ ਬਗਾਵਤ ਕਰ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ ਅਤੇ ਮਹਾਰਾਸ਼ਟਰ ਦੀ ਮਾਲਵਨ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲੜ ਰਹੇ ਸਨ।
ਸ਼ਿਵ ਸੈਨਾ ਨੇ ਉਸ ਜ਼ਿਮਨੀ-ਚੋਣ ਵਿੱਚ ਨਾਰਾਇਣ ਰਾਣੇ ਨੂੰ ਹਰਾਉਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸਨ ਅਤੇ ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਮਿਲ ਕੇ ਸ਼ਿਵ ਸੈਨਾ ਉਮੀਦਵਾਰ ਲਈ ਪ੍ਰਚਾਰ ਕੀਤਾ ਸੀ। ਹਾਲਾਂਕਿ, ਉਸ ਸਮੇਂ ਊਧਵ ਠਾਕਰੇ ਅਤੇ ਰਾਜ ਠਾਕਰੇ ਦੀ ਜੋੜੀ ਵੋਟਰਾਂ ਨੂੰ ਲੁਭਾਉਣ ਵਿੱਚ ਅਸਫਲ ਰਹੀ ਅਤੇ ਨਾਰਾਇਣ ਰਾਣੇ ਨੇ ਭਾਰੀ ਬਹੁਮਤ ਨਾਲ ਚੋਣ ਜਿੱਤੀ। ਰਾਣੇ ਨੇ ਸ਼ਿਵ ਸੈਨਾ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰ ਲਈ ਸੀ।
ਹਾਲਾਂਕਿ, ਸ਼ਿਵ ਸੈਨਾ ਯੂਬੀਟੀ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ‘ਮਨਸੇ ਅਤੇ ਦਿਲ ਮਰਾਠੀ ਲੋਕਾਂ ਦੀ ਭਲਾਈ ਲਈ ਊਧਵ ਠਾਕਰੇ ਅਤੇ ਰਾਜ ਠਾਕਰੇ ਨਾਲ ਗੱਠਜੋੜ ਲਈ ਤਿਆਰ ਹਨ।’ ਇਨ੍ਹਾਂ ਤੋਂ ਇਲਾਵਾ, ਕਈ ਆਗੂਆਂ ਦੇ ਬਿਆਨ ਸਾਹਮਣੇ ਆਏ, ਜਿਸ ਨਾਲ ਭੰਬਲਭੂਸਾ ਪੈਦਾ ਹੋਇਆ, ਪਰ ਮਹਾਰਾਸ਼ਟਰ ਸਰਕਾਰ ਦੇ ਤਿੰਨ-ਭਾਸ਼ੀ ਫਾਰਮੂਲੇ ਤਹਿਤ ਹਿੰਦੀ ਪੜ੍ਹਾਉਣ ਦੇ ਫੈਸਲੇ ਨੇ ਇਸ ਭੰਬਲਭੂਸੇ ਨੂੰ ਖਤਮ ਕਰ ਦਿੱਤਾ ਅਤੇ ਦੋਵਾਂ ਭਰਾਵਾਂ ਨੂੰ ਇੱਕਜੁੱਟ ਕਰ ਦਿੱਤਾ।
Read More: ਮਰਾਠੀ ਭਾਸ਼ਾ ‘ਤੇ ਮਾਣ ਕਰਨਾ ਗਲਤ ਨਹੀਂ, ਪਰ ਭਾਸ਼ਾ ਦੇ ਨਾਮ ‘ਤੇ ਗੁੰਡਾਗਰਦੀ ਬਰਦਾਸ਼ਤ ਨਹੀਂ: CM ਦੇਵੇਂਦਰ ਫੜਨਵੀਸ