July 7, 2024 4:13 pm
Delhi-NCR

ਦਿੱਲੀ-NCR ‘ਚ ਤੇਜ਼ ਹਵਾਵਾਂ ਦੇ ਨਾਲ ਪਈ ਬਾਰਿਸ਼, ਦਿੱਲੀ ਤੋਂ ਜਾਣ ਵਾਲੀਆਂ ਕਈ ਉਡਾਣਾਂ ਪ੍ਰਭਾਵਿਤ

ਚੰਡੀਗੜ੍ਹ, 27 ਮਈ 2023: ਦਿੱਲੀ-ਐਨਸੀਆਰ (Delhi-NCR) ਵਿੱਚ ਤੇਜ਼ ਬਾਰਿਸ਼ ਪੈ ਰਹੀ ਹੈ। ਬਿਜਲੀ ਚਮਕ ਰਹੀ ਹੈ ਅਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਤੂਫਾਨ ਅਤੇ ਕਾਲੇ ਬੱਦਲਾਂ ਕਾਰਨ ਸੜਕਾਂ ‘ਤੇ ਵਿਜ਼ੀਬਿਲਟੀ ਵੀ ਘੱਟ ਹੈ। ਤੂਫਾਨ ਅਤੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਕਾਰਨ ਕਈ ਉਡਾਣਾਂ ਵੀ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਦਿੱਲੀ ਹਵਾਈ ਅੱਡੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਨਾਲ ਸਬੰਧਤ ਜਾਣਕਾਰੀ ਲਈ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

ਮੌਸਮ ਵਿਭਾਗ ਦੇ ਅਨੁਸਾਰ, ਬੱਦਲਾਂ ਦਾ ਇੱਕ ਸਮੂਹ ਦਿੱਲੀ-ਐਨਸੀਆਰ ਤੋਂ ਲੰਘ ਰਿਹਾ ਹੈ। ਅਗਲੇ 2 ਘੰਟਿਆਂ ਦੌਰਾਨ ਦਿੱਲੀ-ਐਨਸੀਆਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 40-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ |

ਪਿਛਲੇ ਕਈ ਦਿਨਾਂ ਤੋਂ ਦਿੱਲੀ-ਐਨਸੀਆਰ (Delhi-NCR) ਦੇ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਕਈ ਇਲਾਕਿਆਂ ‘ਚ ਪਾਰਾ 45 ਤੋਂ ਉਪਰ ਰਿਹਾ। ਅੱਜ ਦੀ ਬਾਰਿਸ਼ ਨੇ ਮੌਸਮ ਬਦਲ ਦਿੱਤਾ ਹੈ। ਇਸ ਕਾਰਨ ਤਾਪਮਾਨ ‘ਚ ਕਾਫੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਵੀ ਮੌਸਮ ਵਿਭਾਗ ਨੇ ਰੁਕ-ਰੁਕ ਕੇ ਬਾਰਿਸ਼ ਅਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਮਈ ਮਹੀਨੇ ਦੇ ਬਾਕੀ ਪੰਜ ਦਿਨ ਸੁਹਾਵਣੇ ਰਹਿਣਗੇ।

ਵੀਰਵਾਰ ਦੇਰ ਰਾਤ ਦਿੱਲੀ-ਐਨਸੀਆਰ ਵਿੱਚ ਤੂਫ਼ਾਨ ਅਤੇ ਬਾਰਿਸ਼ ਕਾਰਨ 14 ਉਡਾਣਾਂ ਨੂੰ ਵਾਪਸ ਮੋੜਨਾ ਪਿਆ ਸੀ । ਇਸ ਦੇ ਨਾਲ ਹੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡਾ ਪ੍ਰਸ਼ਾਸਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 8:35 ਤੋਂ 9:55 ਤੱਕ ਕੁੱਲ 14 ਉਡਾਣਾਂ ਨੂੰ ਇੰਦੌਰ, ਗਵਾਲੀਅਰ, ਜੈਪੁਰ ਅਤੇ ਹੋਰ ਥਾਵਾਂ ‘ਤੇ ਵਾਪਸ ਭੇਜਣਾ ਪਿਆ। ਤੇਜ਼ ਹਵਾਵਾਂ ਕਾਰਨ ਇਹ ਉਡਾਣਾਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਨਹੀਂ ਉਤਰ ਸਕੀਆਂ।