July 7, 2024 3:40 pm
Railways

ਰੇਲਵੇ ਨੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਕੱਸਿਆ ਸ਼ਿਕੰਜਾ, ਜ਼ੁਰਮਾਨੇ ਵਜੋਂ 2.28 ਕਰੋੜ ਰੁਪਏ ਵਸੂਲੇ

ਫਿਰੋਜ਼ਪੁਰ, 12 ਸਤੰਬਰ, 2023: ਟਰੇਨ ‘ਚ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ‘ਤੇ ਲਗਾਮ ਕੱਸਣ ਲਈ ਰੇਲਵੇ (Railways) ਦੀ ਫਿਰੋਜ਼ਪੁਰ ਡਿਵੀਜ਼ਨ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅਗਸਤ ਮਹੀਨੇ ਦੌਰਾਨ ਟਿਕਟ ਚੈਕਰਾਂ ਨੇ 28358 ਯਾਤਰੀਆਂ ਨੂੰ ਬਿਨਾਂ ਟਿਕਟਾਂ ਤੋਂ ਫੜਿਆ।

ਚੈਕਰਾਂ ਨੇ ਇਨ੍ਹਾਂ ਇਨ੍ਹਾਂ ਤੋਂ ਜ਼ੁਰਮਾਨੇ ਵਜੋਂ 2 ਕਰੋੜ 48 ਹਜ਼ਾਰ ਰੁਪਏ ਵਸੂਲੇ ਹਨ । ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਯਾਤਰੀਆਂ ਤੋਂ ਵਸੂਲੀ ਗਈ ਜ਼ੁਰਮਾਨਾ ਪਿਛਲੇ ਸਾਲ ਇਸ ਸਮੇਂ ਦੌਰਾਨ ਵਸੂਲੇ ਗਏ ਜ਼ੁਰਮਾਨੇ ਨਾਲੋਂ 24 ਫੀਸਦੀ ਵੱਧ ਹੈ। ਅਜਿਹੇ ਯਾਤਰੀਆਂ ਨੂੰ ਰੋਕਣ ਲਈ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਲਿੰਕ ਅਤੇ ਮੁੱਖ ਮਾਰਗਾਂ ‘ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰੇਲਵੇ (Railways) ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਅਤੇ ਮੁਸਾਫ਼ਰਾਂ ਨੂੰ ਸਾਫ਼-ਸਫ਼ਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੁੱਖ ਸਟੇਸ਼ਨਾਂ ‘ਤੇ ਰੂਟੀਨ ਚੈਕਿੰਗ ਵੀ ਕੀਤੀ ਜਾਂਦੀ ਹੈ।

ਅਗਸਤ ਮਹੀਨੇ ਵਿੱਚ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ ਅਤੇ ਅਹਾਤੇ ‘ਤੇ ਕੂੜਾ ਸੁੱਟਣ ਲਈ 734 ਯਾਤਰੀਆਂ ਤੋਂ ਕੂੜਾ ਵਿਰੋਧੀ ਐਕਟ ਤਹਿਤ 1 ਲੱਖ 25 ਹਜ਼ਾਰ ਰੁਪਏ ਵਸੂਲੇ ਗਏ ਸਨ। ਵਿਭਾਗ ਵੱਲੋਂ ਰੇਲਵੇ ਸਟੇਸ਼ਨਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਡੀਆਰਐਮ ਨੇ ਕਿਹਾ ਕਿ ਚੈਕਿੰਗ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਹੀ ਟਿਕਟਾਂ ਲੈ ਕੇ ਹੀ ਰੇਲ ਗੱਡੀ ਵਿੱਚ ਸਫ਼ਰ ਕਰਨ ਅਤੇ ਰੇਲਵੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਚੈਕਿੰਗ ਸਟਾਫ਼ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਬਿਨਾਂ ਟਿਕਟ ਵਾਲੀ ਸਵਾਰੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਉਨ੍ਹਾਂ ਚੈਕਰਾਂ ਨੂੰ ਯਾਤਰੀਆਂ ਨਾਲ ਨਿਮਰਤਾ ਨਾਲ ਗੱਲਬਾਤ ਕਰਨ ਲਈ ਵੀ ਕਿਹਾ।