ਚੰਡੀਗੜ੍ਹ, 07 ਮਾਰਚ 2023: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਸੋਮਵਾਰ ਨੂੰ ਲੰਡਨ ਦੇ ਹਾਊਸ ਆਫ ਪਾਰਲੀਮੈਂਟ ਕੰਪਲੈਕਸ ਵਿੱਚ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਸਰਕਾਰ ‘ਤੇ ਸ਼ਬਦੀ ਹਮਲਾ ਕੀਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਰਤਾਨਵੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਸਾਡੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਮਾਈਕ ਅਕਸਰ ਬੰਦ ਹੋ ਜਾਂਦੇ ਹਨ।
ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਕਿਹਾ, ਸਾਡੇ ਮਾਈਕ ਖਰਾਬ ਨਹੀਂ ਹੁੰਦੇ, ਉਹ ਕੰਮ ਕਰਦੇ ਹਨ, ਪਰ ਤੁਸੀਂ ਉਨ੍ਹਾਂ ਨੂੰ ਚਾਲੂ ਨਹੀਂ ਕਰ ਸਕਦੇ। ਇਹ ਮੇਰੇ ਨਾਲ ਕਈ ਵਾਰ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ “ਸਾਨੂੰ ਨੋਟਬੰਦੀ ਬਾਰੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਕਿ ਇੱਕ ਵਿਨਾਸ਼ਕਾਰੀ ਵਿੱਤੀ ਫੈਸਲਾ ਸੀ। ਸਾਨੂੰ ਜੀਐਸਟੀ ‘ਤੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਚੀਨੀ ਸੈਨਿਕ ਸਾਡੇ ਖੇਤਰ ਵਿੱਚ ਦਾਖਲ ਹੋਏ, ਪਰ ਸਾਨੂੰ ਇਸ ‘ਤੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰੀ ਪ੍ਰਕਿਰਿਆ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਆਰ.ਐਸ.ਐਸ. ਨਾਮਕ ਇੱਕ ਸੰਗਠਨ, ਜੋ ਇੱਕ ਕੱਟੜਪੰਥੀ, ਫਾਸ਼ੀਵਾਦੀ ਸੰਗਠਨ ਹੈ, ਉਨ੍ਹਾਂ ਨੇ ਮੂਲ ਰੂਪ ਵਿੱਚ ਭਾਰਤ ਦੀਆਂ ਸਾਰੀਆਂ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੋਈ ਕਿ ਉਹ ਸਾਡੇ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ‘ਤੇ ਕਬਜ਼ਾ ਕਰਨ ‘ਚ ਕਿੰਨੇ ਸਫਲ ਰਹੇ ਹਨ। ਪ੍ਰੈਸ, ਨਿਆਂਪਾਲਿਕਾ, ਪਾਰਲੀਮੈਂਟ ਅਤੇ ਚੋਣ ਕਮਿਸ਼ਨ ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਖ਼ਤਰੇ ਅਤੇ ਨਿਯੰਤਰਿਤ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਲਈ ਕੀ ਕੀਤਾ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਹ ਕਾਂਗਰਸ ਇਹ ਕਹਿ ਰਹੀ ਹੈ। ਅਜਿਹੇ ਲੇਖ ਹਰ ਸਮੇਂ ਵਿਦੇਸ਼ੀ ਮੀਡੀਆ ਵਿੱਚ ਛਪਦੇ ਰਹਿੰਦੇ ਹਨ ਕਿ ਭਾਰਤੀ ਲੋਕਤੰਤਰ ਵਿੱਚ ਕੋਈ ਗੰਭੀਰ ਸਮੱਸਿਆ ਹੈ। ਤੁਸੀਂ ਕਿਸੇ ਵੀ ਵਿਰੋਧੀ ਨੇਤਾ ਨੂੰ ਪੁੱਛ ਸਕਦੇ ਹੋ ਕਿ ਏਜੰਸੀਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।