Election Commission News

ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਚੋਣਾਂ ਸਬੰਧੀ ਲਾਏ ਦੋਸ਼ ਕਾਨੂੰਨ ਦੇ ਸ਼ਾਸਨ ਦਾ ਅਪਮਾਨ: ਚੋਣ ਕਮਿਸ਼ਨ

ਦਿੱਲੀ, 7 ਜੂਨ 2025: ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਚੋਣਾਂ ਸਬੰਧੀ ਲਗਾਏ ਦੋਸ਼ਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੋਣ ਕਮਿਸ਼ਨ ਨੇ ਰਾਹੁਲ ਦੇ ਦਾਅਵਿਆਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਇਸਨੂੰ ਕਾਨੂੰਨ ਦੇ ਸ਼ਾਸਨ ਦਾ ਅਪਮਾਨ ਕਿਹਾ ਹੈ।

ਚੋਣ ਕਮਿਸ਼ਨ ਨੇ ‘ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਅਤੇ ਵੋਟਰ ਸੂਚੀ ਸਬੰਧੀ ਲਗਾਏ ਬੇਬੁਨਿਆਦ ਦੋਸ਼ ਕਾਨੂੰਨ ਦੇ ਸ਼ਾਸਨ ਦਾ ਅਪਮਾਨ ਹਨ। ਚੋਣ ਕਮਿਸ਼ਨ ਨੇ 24 ਦਸੰਬਰ 2024 ਨੂੰ ਕਾਂਗਰਸ ਨੂੰ ਭੇਜੇ ਆਪਣੇ ਜਵਾਬ ‘ਚ ਇਹ ਸਾਰੇ ਤੱਥ ਸਾਹਮਣੇ ਰੱਖੇ ਸਨ, ਜੋ ਕਿ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬੱਧ ਹਨ। ਅਜਿਹਾ ਲੱਗਦਾ ਹੈ ਕਿ ਵਾਰ-ਵਾਰ ਅਜਿਹੇ ਮੁੱਦੇ ਉਠਾ ਕੇ ਇਨ੍ਹਾਂ ਸਾਰੇ ਤੱਥਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।’

ਚੋਣ ਕਮਿਸ਼ਨ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੁਆਰਾ ਫੈਲਾਈ ਜਾ ਰਹੀ ਗਲਤ ਜਾਣਕਾਰੀ ਨਾ ਸਿਰਫ ਕਾਨੂੰਨ ਦੇ ਅਪਮਾਨ ਦੀ ਨਿਸ਼ਾਨੀ ਹੈ, ਸਗੋਂ ਆਪਣੀ ਹੀ ਰਾਜਨੀਤਿਕ ਪਾਰਟੀ ਦੁਆਰਾ ਨਿਯੁਕਤ ਕੀਤੇ ਹਜ਼ਾਰਾਂ ਪ੍ਰਤੀਨਿਧੀਆਂ ਦੇ ਅਕਸ ਨੂੰ ਵੀ ਢਾਹ ਲਗਾਉਂਦੀ ਹੈ। ਇਹ ਚੋਣਾਂ ਦੌਰਾਨ ਅਣਥੱਕ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਲੱਖਾਂ ਚੋਣ ਕਰਮਚਾਰੀਆਂ ਨੂੰ ਨਿਰਾਸ਼ ਕਰਦਾ ਹੈ। ਵੋਟਰਾਂ ਦੇ ਕਿਸੇ ਵੀ ਪ੍ਰਤੀਕੂਲ ਫੈਸਲੇ ਤੋਂ ਬਾਅਦ ਇਹ ਕਹਿ ਕੇ ਚੋਣ ਕਮਿਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ ਪੂਰੀ ਤਰ੍ਹਾਂ ਬੇਤੁਕਾ ਹੈ।

ਚੋਣ ਕਮਿਸ਼ਨ ਨੇ ਤੱਥਾਂ ਦੇ ਆਧਾਰ ‘ਤੇ ਦਿੱਤਾ ਜਵਾਬ

ਚੋਣ ਕਮਿਸ਼ਨ ਮੁਤਾਬਕ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ 6,40,87,588 ਵੋਟਰਾਂ ਨੇ ਪੋਲਿੰਗ ਸਟੇਸ਼ਨਾਂ ‘ਤੇ ਆਪਣੀ ਵੋਟ ਪਾਈ। ਔਸਤਨ, ਪ੍ਰਤੀ ਘੰਟਾ ਲਗਭਗ 58 ਲੱਖ ਵੋਟਾਂ ਪਈਆਂ। ਇਹਨਾਂ ਔਸਤ ਰੁਝਾਨਾਂ ਦੇ ਅਨੁਸਾਰ, ਪਿਛਲੇ ਦੋ ਘੰਟਿਆਂ ‘ਚ ਲਗਭਗ 116 ਲੱਖ ਵੋਟਰਾਂ ਨੇ ਆਪਣੀ ਵੋਟ ਪਾਈ ਹੋਵੇਗੀ। ਇਸ ਲਈ ਦੋ ਘੰਟਿਆਂ ‘ਚ ਵੋਟਰਾਂ ਦੁਆਰਾ ਪਾਈਆਂ ਗਈਆਂ 65 ਲੱਖ ਵੋਟਾਂ ਪ੍ਰਤੀ ਘੰਟਾ ਔਸਤ ਵੋਟਿੰਗ ਰੁਝਾਨਾਂ ਨਾਲੋਂ ਬਹੁਤ ਘੱਟ ਹਨ।

ਹਰੇਕ ਪੋਲਿੰਗ ਸਟੇਸ਼ਨ ‘ਤੇ ਉਮੀਦਵਾਰਾਂ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ ਰਸਮੀ ਤੌਰ ‘ਤੇ ਨਿਯੁਕਤ ਏਜੰਟਾਂ ਦੇ ਸਾਹਮਣੇ ਵੋਟਿੰਗ ਹੋਈ। ਕਾਂਗਰਸ ਦੇ ਨਾਮਜ਼ਦ ਉਮੀਦਵਾਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਏਜੰਟਾਂ ਨੇ ਅਗਲੇ ਦਿਨ ਰਿਟਰਨਿੰਗ ਅਫਸਰ (ਆਰਓ) ਅਤੇ ਚੋਣ ਨਿਰੀਖਕਾਂ ਦੇ ਸਾਹਮਣੇ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸਧਾਰਨ ਵੋਟਿੰਗ ਬਾਰੇ ਕੋਈ ਦੋਸ਼ ਨਹੀਂ ਲਗਾਇਆ।

Read More: ਭਾਰਤ ਚੋਣ ਕਮਿਸ਼ਨ ਨੇ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਗਿਣਤੀ 1200 ਤੱਕ ਕੀਤੀ ਸੀਮਤ

Scroll to Top