ਚੰਡੀਗੜ੍ਹ, 29 ਮਾਰਚ, 2023: ਰਾਹੁਲ ਗਾਂਧੀ (Rahul Gandhi) ਆਪਣੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ ਸੰਸਦ ਪਹੁੰਚੇ। ਉਹ ਇੱਥੇ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇੱਥੇ ਅੱਧਾ ਘੰਟਾ ਰੁਕਣ ਤੋਂ ਬਾਅਦ ਉਹ ਮਾਂ ਸੋਨੀਆ ਗਾਂਧੀ ਦੇ ਨਾਲ ਕਾਰ ਵਿੱਚ ਰਵਾਨਾ ਹੋ ਗਏ। ਰਾਹੁਲ ਦੀ ਸੰਸਦ ਮੈਂਬਰਸ਼ਿਪ 24 ਮਾਰਚ ਨੂੰ ਰੱਦ ਕਰ ਦਿੱਤੀ ਗਈ ਸੀ। ਉਹ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਸਨ।
ਇਸ ਦੌਰਾਨ ਸੰਸਦ ਦੇ 12ਵੇਂ ਦਿਨ ਦੀ ਕਾਰਵਾਈ ਬੁੱਧਵਾਰ ਨੂੰ 3 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਪੀਕਰ ਦੇ ਸਾਹਮਣੇ ‘ਲੋਕਤੰਤਰ ਬਚਾਓ’ ਦੇ ਪੋਸਟਰ ਦਿਖਾਏ ਅਤੇ ਕਾਲੇ ਕੱਪੜੇ ਲਹਿਰਾਏ। ਅੱਜ ਵੀ ਕਾਂਗਰਸੀ ਆਗੂ ਕਾਲੇ ਕੱਪੜੇ ਪਾ ਕੇ ਸੰਸਦ ਪੁੱਜੇ ਸਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਭ੍ਰਿਸ਼ਟ ਹਨ। ਉਹ ਉਨ੍ਹਾਂ ਲੋਕਾਂ ਨੂੰ ਕੁਝ ਨਹੀਂ ਕਹਿ ਰਹੇ ਜਿਨ੍ਹਾਂ ਨੇ ਇਸ ਦੇਸ਼ ਨੂੰ ਲੁੱਟਿਆ। ਅਜਿਹੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇਪੀਸੀ ਦਾ ਗਠਨ ਨਹੀਂ ਹੋ ਰਿਹਾ, ਤਾਂ ਕੀ ਪ੍ਰਧਾਨ ਮੰਤਰੀ ਨੇ ਭ੍ਰਿਸ਼ਟ ਲੋਕਾਂ ਨਾਲ ਹੱਥ ਮਿਲਾਇਆ ਹੈ?
ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਰਨਾਟਕ ਵਿੱਚ 40% ਸਰਕਾਰ ਹੈ ਅਤੇ ਭਾਜਪਾ ਨੇ ਇਸ ਵਿੱਚ ਮੁਹਾਰਤ ਹਾਸਲ ਕੀਤੀ ਹੈ। ਜਿਨ੍ਹਾਂ ਵਿਧਾਇਕਾਂ ਕੋਲੋਂ 8-10 ਕਰੋੜ ਰੁਪਏ ਵਸੂਲੇ ਗਏ, ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਥੇ ਜੇਕਰ ਵਿਰੋਧੀ ਧਿਰ ਦੇ ਕਿਸੇ ਨੇਤਾ ਦੇ ਘਰੋਂ ਪੈਸਾ ਮਿਲਦਾ ਹੈ ਤਾਂ ਭਾਜਪਾ ਇਸ ਨੂੰ ਵੱਡਾ ਮੁੱਦਾ ਬਣਾ ਲੈਂਦੀ ਹੈ। ਭਾਜਪਾ ਈ.ਡੀ. ਨੂੰ ਸੱਦ ਲੈਂਦੀ ਹੈ |