ਚੰਡੀਗੜ੍ਹ, 29 ਜੂਨ 2023: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਵੀਰਵਾਰ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਪਹੁੰਚੇ। ਦਰਅਸਲ, ਰਾਹੁਲ ਗਾਂਧੀ ਅੱਜ ਅਤੇ ਕੱਲ ਯਾਨੀ 29-30 ਜੂਨ ਨੂੰ ਮਣੀਪੁਰ ਵਿੱਚ ਹੋਣਗੇ। ਇਸ ਦੌਰਾਨ ਉਹ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਉਹ ਇੰਫਾਲ ਅਤੇ ਚੂਰਾਚਾਂਦਪੁਰ ਵਿੱਚ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ।
ਇਸ ਦੌਰਾਨ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਰੋਕੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੰਫਾਲ ਤੋਂ ਕੁਝ ਦੂਰ ਬਿਸ਼ਨੂਪੁਰ ਜ਼ਿਲੇ ‘ਚ ਕਾਂਗਰਸੀ ਨੇਤਾਵਾਂ ਦੇ ਕਾਫਲੇ ਨੂੰ ਰੋਕ ਲਿਆ ਗਿਆ ਹੈ। ਪੁਲਿਸ ਨੇ ਇਹ ਕਦਮ ਇਲਾਕੇ ਵਿੱਚ ਫੈਲੀ ਅਸ਼ਾਂਤੀ ਦਾ ਹਵਾਲਾ ਦਿੰਦੇ ਹੋਏ ਚੁੱਕਿਆ ਹੈ।
ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਪੁਲਿਸ ਨੇ ਬਿਸ਼ਨੂਪੁਰ ਨੇੜੇ ਰੋਕ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਸਾਨੂੰ ਇਜਾਜ਼ਤ ਦੇਣ ਦੀ ਸਥਿਤੀ ਵਿੱਚ ਨਹੀਂ ਹਨ। ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਲੋਕ ਸੜਕ ਦੇ ਦੋਵੇਂ ਪਾਸੇ ਖੜ੍ਹੇ ਹਨ। ਸਾਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਨੇ ਸਾਨੂੰ ਕਿਉਂ ਰੋਕਿਆ ਹੈ?
ਰਾਹੁਲ (Rahul Gandhi) ਦਾ ਮਨੀਪੁਰ ਜਾਣ ਦਾ ਫੈਸਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਮਣੀਪੁਰ ਦੇ ਹਾਲਾਤ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਕੀਤੀ ਸੀ। 3 ਮਈ ਤੋਂ ਬਾਅਦ ਜਾਤੀ ਹਿੰਸਾ ਵਿੱਚ ਘਿਰੇ ਉੱਤਰ-ਪੂਰਬੀ ਰਾਜ ਵਿੱਚ ਕਾਂਗਰਸ ਨੇਤਾ ਦਾ ਇਹ ਪਹਿਲਾ ਦੌਰਾ ਹੈ। ਕਾਂਗਰਸ ਨੇ ਸੂਬੇ ਦੀ ਮੌਜੂਦਾ ਸਥਿਤੀ ਲਈ ਭਾਜਪਾ ਅਤੇ ਇਸ ਦੀ ‘ਵੰਡਵਾਦੀ ਰਾਜਨੀਤੀ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸ਼ਾਂਤੀ ਬਹਾਲ ਕਰਨ ਲਈ ਇੱਕ ਸਰਬ ਪਾਰਟੀ ਵਫ਼ਦ ਉੱਥੇ ਭੇਜਿਆ ਜਾਣਾ ਚਾਹੀਦਾ ਹੈ।