ਚੰਡੀਗੜ੍ਹ, 3 ਅਪ੍ਰੈਲ 2023: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਆਪਣੀ ‘ਮੋਦੀ ਸਰਨੇਮ’ ਟਿੱਪਣੀ ਨਾਲ ਜੁੜੇ ਮਾਣਹਾਨੀ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਦੇ ਖ਼ਿਲਾਫ਼ ਅਦਾਲਤ ‘ਚ ਅਪੀਲ ਕਰਨ ਲਈ ਸੋਮਵਾਰ ਨੂੰ ਸੂਰਤ ਪਹੁੰਚੇ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਭਰਾ ਰਾਹੁਲ ਨਾਲ ਸੂਰਤ ਪਹੁੰਚੀ। ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ 15000 ਰੁਪਏ ਦੇ ਮੁਚਲਕੇ ‘ਤੇ ਨੂੰ 13 ਅਪ੍ਰੈਲ ਤੱਕ ਜ਼ਮਾਨਤ ਦੇ ਦਿੱਤੀ ਹੈ। ਅਗਲੀ ਸੁਣਵਾਈ 13 ਅਪ੍ਰੈਲ ਨੂੰ ਹੋਵੇਗੀ |
ਇਸ ਦੇ ਨਾਲ ਹੀ ਉਸ ਦੀ ਸਜ਼ਾ ਵਿਰੁੱਧ ਸੁਣਵਾਈ ਲਈ 3 ਮਈ ਦੀ ਤਾਰੀਖ਼ ਵੀ ਦਿੱਤੀ ਗਈ ਹੈ। ਰਾਹੁਲ ਦੇ ਸੂਰਤ ਜਾਣ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ। ਭਾਜਪਾ ਦਾ ਦੋਸ਼ ਹੈ ਕਿ ਇਹ ਲੋਕ ਅਪੀਲ ਦੇ ਨਾਂ ‘ਤੇ ਹੰਗਾਮਾ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਦਾ ਕਹਿਣਾ ਹੈ ਕਿ ਇਹ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਇਕਜੁੱਟਤਾ ਹੈ।
ਪਿਛਲੇ ਮਹੀਨੇ ਸੂਰਤ ਦੀ ਸੀਜੇਐਮ ਅਦਾਲਤ ਨੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੂੰ ਮੋਦੀ ਸਰਨੇਮ ਮਾਣਹਾਨੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਰਾਹੁਲ ਨੂੰ ਸਜ਼ਾ ਨੂੰ ਚੁਣੌਤੀ ਦੇਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਲੋਕ ਸਭਾ ਦੀ ਮੈਂਬਰਸ਼ਿਪ ਗੁਆ ਬੈਠੇ ਹਨ। ਰਿਪੋਰਟਾਂ ਮੁਤਾਬਕ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਤਿਆਰ ਕੀਤੀ ਗਈ ਹੈ। ਇਸੇ ਕੜੀ ‘ਚ ਰਾਹੁਲ ਗਾਂਧੀ ਨੇ ਅੱਜ ਸੂਰਤ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ |