ਦਿੱਲੀ, 10 ਫਰਵਰੀ 2026: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਕੱਤਰੇਤ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਲਈ ਇੱਕ ਨੋਟਿਸ ਸੌਂਪਿਆ ਹੈ। ਇਹ ਨੋਟਿਸ ਕਥਿਤ ਤੌਰ ‘ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਸੰਸਦ ‘ਚ ਬੋਲਣ ਤੋਂ ਰੋਕਣ ਲਈ ਦਾਇਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਖੁਦ ਇਸ ‘ਤੇ ਦਸਤਖਤ ਨਹੀਂ ਕੀਤੇ ਹਨ।
ਨਿਊਜ਼ ਏਜੰਸੀ ਏਐਨਆਈ ਨੇ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂ ਵੱਲੋਂ ਸਪੀਕਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਲਈ ਨੋਟਿਸ ‘ਤੇ ਦਸਤਖਤ ਕਰਨਾ ਸੰਸਦੀ ਲੋਕਤੰਤਰ ‘ਚ ਉਚਿਤ ਨਹੀਂ ਹੈ। ਇਸ ਕਾਰਨ ਕਰਕੇ ਰਾਹੁਲ ਗਾਂਧੀ ਨੇ ਨੋਟਿਸ ‘ਤੇ ਦਸਤਖਤ ਨਾ ਕਰਨ ਦਾ ਫੈਸਲਾ ਕੀਤਾ। 118 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨੋਟਿਸ ‘ਤੇ ਦਸਤਖਤ ਕੀਤੇ, ਜਿਨ੍ਹਾਂ ‘ਚ ਕਾਂਗਰਸ, ਡੀਐਮਕੇ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਵੀ ਸ਼ਾਮਲ ਹਨ।
ਜਿਕਰਯੋਗ ਹੈ ਕਿ ਸਪੀਕਰ ਨੇ ਰਾਹੁਲ ਨੂੰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਤੋਂ ਇਲਾਵਾ ਕਿਸੇ ਹੋਰ ਕਿਤਾਬ ਜਾਂ ਰਿਪੋਰਟ ‘ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਉਦੋਂ ਤੋਂ, ਇਹ ਕਿਆਸ ਲਗਾਏ ਜਾ ਰਹੇ ਹਨ ਕਿ ਵਿਰੋਧੀ ਧਿਰ ਸਪੀਕਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਨੋਟਿਸ ‘ਚ ਵਿਰੋਧੀ ਧਿਰ ਨੇ ਕਿਹਾ ਕਿ “ਲੋਕ ਸਭਾ ਸਪੀਕਰ ਲਗਾਤਾਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਜਨਤਕ ਹਿੱਤ ਦੇ ਮੁੱਦੇ ਉਠਾਉਣ ਤੋਂ ਰੋਕ ਰਹੇ ਹਨ।” ਨੋਟਿਸ ‘ਚ ਕਿਹਾ ਹੈ ਕਿ ਇਹ ਨੋਟਿਸ ਧਾਰਾ 94(ਸੀ) ਦੇ ਤਹਿਤ ਜਾਰੀ ਕੀਤਾ ਹੈ ਕਿਉਂਕਿ ਸਪੀਕਰ ਖੁੱਲ੍ਹੇਆਮ ਪੱਖਪਾਤ ਦਿਖਾ ਰਹੇ ਹਨ।
Read More: ਵਿਰੋਧੀ ਧਿਰ ਵੱਲੋਂ ਲੋਕ ਸਭਾ ਸਪੀਕਰ ਖਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ ਪੇਸ਼




