ਚੰਡੀਗੜ੍ਹ, 29 ਮਈ 2023: ਕਰਨਾਟਕ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਦਾ ਆਤਮਵਿਸ਼ਵਾਸ ਸਿਖਰਾਂ ‘ਤੇ ਹੈ। ਇਹੀ ਕਾਰਨ ਹੈ ਕਿ ਹੁਣ ਕਾਂਗਰਸ ਪਾਰਟੀ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੱਧ ਪ੍ਰਦੇਸ਼ (Madhya Pradesh) ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ ਅਤੇ ਹੁਣ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਮੱਧ ਪ੍ਰਦੇਸ਼ ਵਿੱਚ 150 ਸੀਟਾਂ ਜਿੱਤਣ ਜਾ ਰਹੀ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਸੂਬਾ ਇਕਾਈ ਅਤੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਮੌਜੂਦ ਸਨ।
ਇਸ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਰਨਾਟਕ ਵਿੱਚ ਸਾਨੂੰ 136 ਸੀਟਾਂ ਮਿਲੀਆਂ ਹਨ। ਜੋ ਅਸੀਂ ਕਰਨਾਟਕ ਵਿੱਚ ਕੀਤਾ, ਅਸੀਂ ਮੱਧ ਪ੍ਰਦੇਸ਼ ਵਿੱਚ ਦੁਹਰਾਉਣ ਜਾ ਰਹੇ ਹਾਂ। ਅਸੀਂ ਹੁਣੇ ਇੱਕ ਲੰਮੀ ਗੱਲਬਾਤ ਕੀਤੀ ਸੀ | ਸਾਡਾ ਅੰਦਰੂਨੀ ਮੁਲਾਂਕਣ ਕਹਿੰਦਾ ਹੈ ਕਿ ਸਾਨੂੰ ਮੱਧ ਪ੍ਰਦੇਸ਼ (Madhya Pradesh) ਵਿੱਚ 150 ਸੀਟਾਂ ਮਿਲਣਗੀਆਂ।