sidhu-vs-chadha

ਰਾਘਵ ਚੱਢਾ ਨੇ ਸਿੱਧੂ ’ਤੇ ਕੀਤਾ ਪਲਟਵਾਰ ਕਿਹਾ ‘ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਸਿੱਧੂ ਦਾ ਨਹੀਂ।’

ਜਲੰਧਰ 3 ਜਨਵਰੀ 2022 : ਅੱਜ ਨਵਜੋਤ ਸਿੰਘ ਸਿੱਧੂ (Navjot singh sidhu) ਵੱਲੋਂ ਬਰਨਾਲਾ ਰੈਲੀ ਦੌਰਾਨ ਕੀਤੇ ਗਏ ਵੱਡੇ ਐਲਾਨਾਂ ਤੋਂ ਬਾਅਦ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰਾਂ ਵੱਲੋਂ ਵੀ ਇਸ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ (Raghav Chadha) ਨੇ ਸਿੱਧੂ ’ਤੇ ਪਲਟਵਾਰ ਕੀਤਾ ਹੈ। ਟਵਿੱਟਰ ਜ਼ਰੀਏ ਰਾਘਵ ਚੱਢਾ ਨੇ ਸਿੱਧੂ ’ਤੇ ਨਿਸ਼ਾਨੇ ਲਾਉਂਦੇ ਕਿਹਾ ਕਿ ਪੰਜਾਬ ਵਿਚ ਕਹਾਵਤ ਹੈ ਕਿ ‘ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਸਿੱਧੂ ਦਾ ਨਹੀਂ।’

ਇਥੇ ਹੀ ਬਸ ਨਹੀਂ ਇਸ ਦੇ ਨਾਲ ਹੀ ਰਾਘਵ ਚੱਢਾ (Raghav Chadha)ਨੇ ਇਕ ਸਿੱਧੂ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਸਿੱਧੂ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇਕ ਹਜ਼ਾਰ ਰੁਪਇਆ ਕਿਉਂ ਭਾਈ, ਨਿਕੰਮੇ ਨੇ ਪੰਜਾਬੀ, ਪੰਜਾਬੀ ਭੀਖ ਨਹੀਂ ਮੰਗਦੇ ਅਤੇ ਨਾ ਹੀ ਕੋਈ ਭੀਖ ਚਾਹੀਦੀ ਹੈ। ਮੇਰੀ ਘਰਵਾਲੀ ਨੂੰ ਕੋਈ ਇਕ ਹਜ਼ਾਰ ਰੁਪਇਆ ਦੇਵੇ ਤਾਂ ਮੈਂ ਵਗ੍ਹਾਹ ਕੇ ਮਾਰੂੰ। ਉਥੇ ਹੀ ਰਾਘਵ ਚੱਢਾ (Raghav Chadha) ਨੇ ਸਿੱਧੂ ਵੱਲੋਂ ਔਰਤਾਂ ਲਈ ਕੀਤੇ ਗਏ ਅੱਜ ਦੇ ਐਲਾਨ ਦੀ ਵੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ’ਚ ਨਵਜੋਤ ਸਿੰਘ ਸਿੱਧੂ (Navjot singh sidhu) ਨੇ ਕਿਹਾ ਹੈ ਕਿ ਔਰਤਾਂ ਨੂੰ ਹਰ ਮਹੀਨੇ ਦੋ-ਦੋ ਹਜ਼ਾਰ ਰੁਪਏ ਦਿੱਤੇ ਜਾਣਗੇ।

ਦੱਸਦਈਏ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚ ਔਰਤਾਂ ਲਈ ਵੱਡੇ ਐਲਾਨ ਕਰਦੇ ਹੋਏ ਕਿਹਾ ਗਿਆ ਸੀ ਕਿ ‘ਆਪ’ ਦੀ ਸਰਕਾਰ ਆਵੇਗੀ ਤਾਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਉਨ੍ਹਾਂ ਦੇ ਖ਼ਾਤੇ ’ਚ ਦਿੱਤੇ ਜਾਣਗੇ। ਇਸ ਬਿਆਨ ’ਤੇ ਨਵਜੋਤ ਸਿੰਘ ਸਿੱਧੂ ਵੱਲੋਂ ਕਾਫ਼ੀ ਤੰਜ ਕੱਸੇ ਗਏ ਸਨ। ਹੁਣ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਔਰਤਾਂ ਨੂੰ ਹਰ ਮਹੀਨੇ ਦੋ-ਦੋ ਹਜ਼ਾਰ ਰੁਪਏ ਦੇਣ ਦੇ ਕੀਤੇ ਗਏ ਐਲਾਨ ਤੋਂ ਸਿਆਸਤ ਭੱਖਣੀ ਸ਼ੁਰੂ ਹੋ ਗਈ ਹੈ।

Scroll to Top