ਦਿੱਲੀ, 03 ਅਪ੍ਰੈਲ 2026: ਆਮ ਆਦਮੀ ਪਾਰਟੀ (ਆਪ) ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਆਲੋਚਨਾ ਕੀਤੀ ਹੈ। ‘ਆਪ’ ਦਾ ਦੋਸ਼ ਹੈ ਕਿ ਚੱਢਾ “ਪ੍ਰਧਾਨ ਮੰਤਰੀ ਮੋਦੀ ਤੋਂ ਡਰਦੇ ਹਨ” ਅਤੇ ਸਮੋਸੇ ਸਸਤੇ ਕਰਨ ਲਈ ਆਪਣੇ ਬੋਲਣ ਦੇ ਸਮੇਂ ਦੀ ਵਰਤੋਂ ਕਰਦੇ ਹਨ। ‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ ਦਾ ਦੋਸ਼ ਹੈ ਕਿ ਚੱਢਾ ਨੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਮਤੇ ‘ਤੇ ਦਸਤਖਤ ਵੀ ਨਹੀਂ ਕੀਤੇ। ਵੀਰਵਾਰ ਨੂੰ ‘ਆਪ’ ਪਾਰਟੀ ਨੇ ਸਕੱਤਰੇਤ ਨੂੰ ਪੱਤਰ ਲਿਖ ਕੇ ਰਾਘਵ ਚੱਢਾ ਨੂੰ ਰਾਜ ਸਭਾ ‘ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਉਣ ਲਈ ਕਿਹਾ। ਇਸ ਤੋਂ ਇਲਾਵਾ, ‘ਆਪ’ ਪਾਰਟੀ ਨੇ ਉਦਯੋਗਪਤੀ ਤੋਂ ਪੰਜਾਬ ਤੋਂ ਸੰਸਦ ਮੈਂਬਰ ਬਣੇ ਅਸ਼ੋਕ ਮਿੱਤਲ ਨੂੰ ਨਵਾਂ ਡਿਪਟੀ ਲੀਡਰ ਨਿਯੁਕਤ ਕੀਤਾ।
‘ਐਕਸ’ ‘ਤੇ ਇੱਕ ਪੋਸਟ ‘ਚ ਅਨੁਰਾਗ ਢਾਂਡਾ ਨੇ ਕਿਹਾ ਕਿ ਚੱਢਾ ਪਿਛਲੇ ਕੁਝ ਸਾਲਾਂ ਤੋਂ ਡਰਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ ਬੋਲਣ ਤੋਂ ਝਿਜਕਦੇ ਹਨ। ‘ਆਪ’ ਆਗੂ ਨੇ ਕਿਹਾ ਕਿ ਪਾਰਟੀ ਨੂੰ ਸੰਸਦ ‘ਚ ਬੋਲਣ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਇਸ ਸੀਮਤ ਸਮੇਂ ‘ਚ, ਪਾਰਟੀ ਜਾਂ ਤਾਂ ਦੇਸ਼ ਨੂੰ ਬਚਾਉਣ ਲਈ ਲੜ ਸਕਦੀ ਹੈ ਜਾਂ “ਹਵਾਈ ਅੱਡੇ ‘ਤੇ ਸਮੋਸੇ ਸਸਤੇ ਹੋਣ” ਦੀ ਮੰਗ ਕਰ ਸਕਦੀ ਹੈ।
ਅਨੁਰਾਗ ਢਾਂਡਾ ਨੇ ਦੋਸ਼ ਲਗਾਇਆ ਕਿ ਰਾਘਵ ਚੱਢਾ ਨੇ ਸੰਸਦ ‘ਚ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਿਰੁੱਧ ‘ਆਪ’ ਦੇ ਮਤੇ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂ ਕਿ ਉਨ੍ਹਾਂ ਨੇ ਗੁਜਰਾਤ ਪੁਲਿਸ ‘ਆਪ’ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਵੇਲੇ ਕੁਝ ਨਹੀਂ ਕਿਹਾ।
ਦਿੱਲੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ‘ਤੇ ਰਾਜ ਸਭਾ ‘ਚ ਮਹੱਤਵਪੂਰਨ ਮੁੱਦੇ ਉਠਾਉਣ ਦੀ ਬਜਾਏ “ਸੌਫਟ ਪੀਆਰ” ‘ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਗਾਇਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਘਵ ਚੱਢਾ ਨੇ ਪੰਜਾਬ ਦੇ ਮੁੱਦੇ ਨਹੀਂ ਉਠਾਏ। ਜੇਕਰ ਕੋਈ ਪਾਰਟੀ ਲਾਈਨ ਤੋਂ ਭਟਕਦਾ ਹੈ ਤਾਂ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਪੰਜਾਬ ਤੋਂ ਰੋਕੇ ਗਏ ਫੰਡਾਂ ਦਾ ਮੁੱਦਾ ਨਹੀਂ ਉਠਾਇਆ, ਸਗੋਂ ਸਮੋਸਿਆਂ ਦਾ ਮੁੱਦਾ ਉਠਾਇਆ।
ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੇ ਸੰਸਦੀ ਬੋਰਡ ਦੇ ਆਗੂ ਬਦਲਦੇ ਰਹਿੰਦੇ ਹਨ। ਜਦੋਂ ਉਹ ਸੰਸਦ ‘ਚ ਸਨ ਤਾਂ ਵੀ ਕੁਝ ਬਦਲਾਅ ਕੀਤੇ ਗਏ ਸਨ। ਇਹ ਬਦਲਾਅ ਹੁੰਦੇ ਰਹਿੰਦੇ ਹਨ। ਸੰਸਦ ‘ਚ ਬਹੁਤ ਸਾਰੇ ਮੁੱਦੇ ਹੁੰਦੇ ਹਨ ਜਦੋਂ ਪਾਰਟੀ ਨੂੰ ਵਾਕਆਊਟ ਕਰਨਾ ਪੈਂਦਾ ਹੈ, ਪਰ ਜੇਕਰ ਕੋਈ ਸੰਸਦ ਮੈਂਬਰ ਅਜਿਹਾ ਨਹੀਂ ਕਰਦਾ ਹੈ, ਤਾਂ ਇਹ ਵ੍ਹਿਪ ਦੀ ਉਲੰਘਣਾ ਹੈ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਸੀਐੱਮ ਮਾਨ ਨੇ ਕਿਹਾ, “ਗੁਜਰਾਤ ‘ਚ ਜਾਇਜ਼ ਵੋਟਾਂ ਰੱਦ ਕਰਨ ਜਾਂ ਸਾਡੇ ਵਰਕਰਾਂ ਦੀ ਗ੍ਰਿਫ਼ਤਾਰੀ ਵਰਗੇ ਮੁੱਦੇ ਚੁੱਕਣ ਦੀ ਬਜਾਏ, ਉਹ ਕੰਟੀਨ ‘ਚ ਸਮੋਸੇ ਅਤੇ ਡਿਲੀਵਰੀ ਦੇ ਸਮੇਂ ਦਾ ਮੁੱਦਾ ਚੁੱਕਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਕੋਮਪਰੋਮਾਈਜ਼ਡ ਹਨ।”
ਐਕਸ਼ ‘ਤੇ ਇੱਕ ਪੋਸਟ ‘ਚ ਰਾਘਵ ਚੱਢਾ ਨੇ ਸੰਸਦ ਵਿੱਚ ਬੋਲਣ ਤੋਂ ਰੋਕਣ ਦੇ ਕਾਰਨਾਂ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਉਠਾਏ ਹਨ, ਅਤੇ ਪੁੱਛਿਆ ਹੈ ਕਿ ਕੀ ਅਜਿਹਾ ਕਰਨਾ ਕਿਸੇ ਵੀ ਤਰ੍ਹਾਂ ਦੀ ਗਲਤੀ ਹੈ।
Read More: ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਨੇ ਦਿੱਤੀ ਆਪਣੀ ਪਹਿਲੀ ਪ੍ਰਤੀਕਿਰਿਆ




