ਚੰਡੀਗੜ੍ਹ 3 ਜਨਵਰੀ 2022 : ਬਿਕਰਮ ਮਜੀਠੀਆ (Bikram Majithia) ’ਤੇ ਦਰਜ ਕੀਤੇ ਮਾਮਲੇ ਨੂੰ ਲੈ ਕੇ ਸਿਆਸਤ ਭੱਖ ਚੁੱਕੀ ਹੈ, ਜਿਸ ਕਾਰਨ ਵਿਰੋਧੀ ਵਾਰ-ਵਾਰ ਉਨ੍ਹਾਂ ’ਤੇ ਹਮਲਾ ਕਰ ਰਹੇ ਹਨ। ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵਲੋਂ ਅੱਜ ਵਿਸ਼ੇਸ਼ ਪ੍ਰੈਨ ਕਾਨਫਰੰਸ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਮਜੀਠੀਆ ’ਤੇ ਵੱਡੇ ਦੋਸ਼ ਲਗਾਏ ਹਨ।ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮਜੀਠੀਆ ਦੇ ਗੈਂਗਸਟਰਾਂ ਨਾਲ ਸਬੰਧ ਹਨ। ਸੀਨੀਅਰ ਬਾਦਲ ਨਸ਼ਾ ਤਸਕਰੀ ਦੀ ਹਮਾਇਤੀ ਕਰ ਰਿਹਾ ਹੈ।
ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੇ ਖ਼ਿਲਾਫ਼ ਦਰਜ ਐੱਫ.ਆਈ.ਆਰ ’ਤੇ ਸਵਾਲ ਚੁੱਕਣ ਵਾਲੀ ਆਮ ਆਦਮੀ ਪਾਰਟੀ ਕੌਣ ਹੈ। ਰੰਧਾਵਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਪੇਟੇ ’ਚ ਲੈਂਦੇ ਹੋਏ ਕਿਹਾ ਕਿ ਇਹ ਉਹ ਵਿਅਕਤੀ ਹੈ, ਜਿਸ ਨੇ ਖੁਦ ਮਜੀਠੀਆ ਤੋਂ 2018 ’ਚ ਮੁਆਫ਼ੀ ਮੰਗੀ ਸੀ।
ਕੇਜਰੀਵਾਲ ਮੈਨੂੰ ਪਹਿਲਾਂ ਇਹ ਦੱਸਣ ਕੀ ਜਿਨ੍ਹਾਂ ਸ਼ਖ਼ਸ ਨੇ ਆਮ ਆਦਮੀ ਪਾਰਟੀ ਨੂੰ ਖੜ੍ਹਾ ਕੀਤਾ, ਉਨ੍ਹਾਂ ’ਚੋਂ ਉਨ੍ਹਾਂ ਦੇ ਨਾਲ ਇਸ ਸਮੇਂ ਕੌਣ-ਕੌਣ ਲੋਕ ਸ਼ਾਮਲ ਹਨ। ਇਸ ਪਾਰਟੀ ਨੂੰ ਖੜ੍ਹੀ ਕਰਨ ਵਾਲੇ ਸਾਰੇ ਸ਼ਖ਼ਸ ਹੋਰ ਪਾਰਟੀਆਂ ’ਚ ਸ਼ਾਮਲ ਹੋ ਗਏ ਹਨ। ਰੰਧਾਵਾ ਨੇ ਕਿਹਾ ਕਿ ਸਾਨੂੰ ਬੋਲਣ ਵਾਲੇ ਅਰਵਿੰਦ ਕੇਜਰੀਵਾਲ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ, ਫਿਰ ਗੱਲ ਕਰਨ। ਉਨ੍ਹਾਂ ਨੇ ਕਿਹਾ ਕਿ 22 ਵਿਧਾਇਕਾਂ ’ਚੋਂ 12 ਵਿਧਾਇਕ ਇਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ। ਰੰਧਾਵਾ ਨੇ ਕਿਹਾ ਕਿ ਉਹ ਮੇਰੇ ਨਾਲ ਖ਼ੁੱਲ੍ਹ ਕੇ ਗੱਲਬਾਤ ਕਰਨ।