ਸੁਖਬੀਰ ਬਾਦਲ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਚੁੱਕਣਾ ਸੁਖਬੀਰ ਬਾਦਲ ਦੀ ਨਿਰਾਸ਼ਾ ਦਾ ਪ੍ਰਤੀਕ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 08 ਅਪ੍ਰੈਲ 2026: ਆਮ ਆਦਮੀ ਪਾਰਟੀ (ਆਪ) ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਚੁੱਕਣਾ ਸੁਖਬੀਰ ਸਿੰਘ ਬਾਦਲ ਦੀ ਨਿਰਾਸ਼ਾ ਅਤੇ ਸਿੱਖ ਮਰਿਆਦਾਵਾਂ ਪ੍ਰਤੀ ਉਨ੍ਹਾਂ ਦੇ ਮਨ ‘ਚ ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ।

ਮਲਵਿੰਦਰ ਕੰਗ ਨੇ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਹੁਣ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਬਹੁਤ ਹੀ ਮੰਦਭਾਗਾ ਹੈ। ਮਲਵਿੰਦਰ ਕੰਗ ਨੇ ਕਿਹਾ ਕਿ ਜਦੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਸੀ, ਉਦੋਂ ਉਨ੍ਹਾਂ ਨੇ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ‘ਚ ਆਪਣੀਆਂ ਸਾਰੀਆਂ ਗਲਤੀਆਂ ਕਬੂਲ ਕੀਤੀਆਂ ਸਨ।

ਕੰਗ ਨੇ ਕਿਹਾ ਕਿ ਪੂਰੀ ਦੁਨੀਆ ਨੇ ਲਾਈਵ ਪ੍ਰਸਾਰਣ ਰਾਹੀਂ ਉਨ੍ਹਾਂ ਨੂੰ ਆਪਣੀ ਭੁੱਲ ਮੰਨਦਿਆਂ ਦੇਖਿਆ ਸੀ। ਪਰ, ਇਸ ਤੋਂ ਤੁਰੰਤ ਬਾਅਦ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਰੈਲੀ ‘ਚ ਉਨ੍ਹਾਂ ਨੇ ਆਪਣੇ ਸੁਰ ਬਦਲ ਲਏ ਅਤੇ ਬੇਸ਼ਰਮੀ ਨਾਲ ਕਹਿ ਦਿੱਤਾ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੈ। ਇਹ ਦੋਹਰਾ ਚਰਿੱਤਰ ਉਨ੍ਹਾਂ ਦੇ ਹੰਕਾਰ ਅਤੇ ਸਿੱਖ ਕੌਮ ਪ੍ਰਤੀ ਉਨ੍ਹਾਂ ਦੀ ਬੇਰੁਖ਼ੀ ਦਾ ਪ੍ਰਮਾਣ ਹੈ।

ਸੁਖਬੀਰ ਸਿੰਘ ਬਾਦਲ ਦੇ ਉਸ ਹਾਲੀਆ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ, ਜਿਸ ‘ਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਖਿਲਾਫ ‘ਸਾਜ਼ਿਸ਼’ ਹੋਣ ਦੀ ਗੱਲ ਕਹੀ ਹੈ, ਕੰਗ ਨੇ ਕਿਹਾ ਕਿ ਅਜਿਹੀ ਵੱਡੀ ਭੁੱਲ ਜਾਂ ਗੁਸਤਾਖੀ ਤਾਂ ਕੋਈ ਗੈਰ-ਸਿੱਖ ਵੀ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ ਜਿੱਥੇ ਪੰਜ ਸਿੰਘ ਸਾਹਿਬਾਨ ਨੇ ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਬੈਠ ਕੇ, ਸਿੱਖ ਮਰਿਆਦਾਵਾਂ ਅਤੇ ਸ਼ਾਨਾਮੱਤੇ ਇਤਿਹਾਸ ਦੇ ਅਧਾਰ ‘ਤੇ ਫੈਸਲਾ ਸੁਣਾਇਆ ਹੋਵੇ, ਉਸ ਨੂੰ ‘ਸਾਜ਼ਿਸ਼’ ਕਰਾਰ ਦੇਣਾ ਸਿੱਖ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਅਤੇ ਸ਼ਰਮਨਾਕ ਘਟਨਾਵਾਂ ‘ਚੋਂ ਇੱਕ ਹੈ।

ਮਲਵਿੰਦਰ ਕੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਗੁਨਾਹ ਪੰਜਾਬ ਅਤੇ ਸਿੱਖ ਪੰਥ ਦੇ ਖਿਲਾਫ ਕੀਤੇ ਹਨ, ਉਸ ਦੀ ਸਜ਼ਾ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਲਗਾਤਾਰ ਦੇ ਹੀ ਰਹੇ ਹਨ। ਪਰ ਹੁਣ, ਜਿਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਦੀ ਸਰਵਉੱਚ ਸੰਸਥਾ ਦੀ ਸਾਖ ਅਤੇ ਫੈਸਲਿਆਂ ‘ਤੇ ਉਂਗਲ ਉਠਾਈ ਹੈ, ਉਸ ਲਈ ਪੂਰਾ ਪੰਥ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਕੌਮ ਅਤੇ ਸੰਗਤ ਆਉਣ ਵਾਲੇ ਸਮੇਂ ‘ਚ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਵੇਗੀ।

Read More: ਪ੍ਰਤਾਪ ਬਾਜਵਾ ਨੇ ਊਧਮ ਸਿੰਘ ਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮੁਆਫ਼ੀ ਮੰਗਣ: ਕੁਲਦੀਪ ਧਾਲੀਵਾਲ

ਵਿਦੇਸ਼

Scroll to Top