ਚੰਡੀਗੜ੍ਹ, 19 ਮਈ 2023: ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਉਜਲ ਦੋਸਾਂਝ (Ujjal dosanjh) ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਗਈ। ਸ. ਸੰਧਵਾਂ ਦੀ ਸਰਕਾਰੀ ਰਿਹਾਇਸ਼ ਵਿਖੇ ਇਸ ਮੁਲਾਕਾਤ ਦੌਰਾਨ ਦੋਹਾਂ ਆਗੂਆਂ ਵਿਚਕਾਰ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਲਈ ਵਿਚਾਰ-ਚਰਚਾ ਕੀਤੀ ਗਈ।
ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਕੈਨੇਡੀਅਨ ਆਗੂ ਦੋਸਾਂਝ ਕੋਲ ਕੈਨੇਡਾ ਵਿੱਚ ਪੜ੍ਹਨ ਗਏ ਪੰਜਾਬੀ ਵਿਦਿਆਰਥੀਆਂ ਦੇ ਆਰਥਿਕ ਸੋਸ਼ਣ ਦਾ ਮਸਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਆਰਥਿਕ ਸ਼ੋਸ਼ਣ ਕਾਰਨ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ‘ਤੇ ਉਲਟ ਅਸਰ ਪੈ ਰਿਹਾ ਹੈ, ਇਸ ਲਈ ਕੈਨੇਡੀਅਨ ਸਰਕਾਰ ਨੂੰ ਇਸ ਮਸਲੇ ‘ਤੇ ਜਲਦ ਕਦਮ ਚੁੱਕਣ ਦੀ ਲੋੜ ਹੈ। ਸਪੀਕਰ ਨੇ ਕਿਹਾ ਕਿ ਪੰਜਾਬੀ ਵਿਦਿਆਰਥੀਆਂ ਦੀ ਇਸ ਮਾਮਲੇ ਵਿੱਚ ਮਦਦ ਕੀਤੀ ਜਾਵੇ। ਦੋਸਾਂਝ ਨੇ ਅਜਿਹੇ ਮਾਮਲਿਆਂ ਨੂੰ ਜਲਦ ਕੈਨੇਡੀਅਨ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿਵਾਇਆ।
ਉਜਲ ਦੋਸਾਂਝ (Ujjal dosanjh) ਵੱਲੋਂ ਵੀ ਕੈਨੇਡਾ ਵਸਦੇ ਪੰਜਾਬੀਆਂ ਨਾਲ ਸਬੰਧਤ ਸੂਬੇ ਦੇ ਮਾਮਲੇ ਵੀ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ਵਿੱਚ ਲਿਆਂਦੇ ਗਏ, ਜਿਨ੍ਹਾਂ ਨੂੰ ਜਲਦ ਹੱਲ ਕਰਨ ਲਈ ਸ. ਸੰਧਵਾਂ ਨੇ ਅੱਗੇ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣ-ਭਰਾਵਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਪੰਜਾਬ ਸਰਕਾਰ ਸਦਾ ਤਤਪਰ ਹੈ। ਇਸ ਮੌਕੇ ਟੋਰਾਂਟੋ ਵਿੱਚ ਬੈਰਿਸਟਰ ਤੇ ਸਾਲਿਸਟਰ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ.ਬੀ.ਐਸ. ਢਿੱਲੋਂ ਵੀ ਮੌਜੂਦ ਸਨ।