DEWAN TODER MAL HAVELI

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦੀਵਾਨ ਟੋਡਰਮੱਲ ਦੀ ਹਵੇਲੀ ਸਬੰਧੀ ਕੇਸ ਦੇ ਨਿਪਟਾਰੇ ਹਿੱਤ ਚਾਰਾਜੋਈ ਤੇਜ਼ ਕਰਨ ਲਈ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ, 13 ਜੂਨ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰਮੱਲ (DEWAN TODER MAL HAVELI) ਜੀ ਦੀ ਯਾਦਗਾਰੀ ਹਵੇਲੀ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲ ਰਹੇ ਕੇਸ ਦੇ ਨਿਪਟਾਰੇ ਲਈ ਚਾਰਾਜੋਈ ਤੇਜ਼ ਕਰਨ।

ਵਿਧਾਨ ਸਭਾ ਵਿਖੇ ਦੀਵਾਨ ਟੋਡਰਮੱਲ ਜੀ ਦੀ ਹਵੇਲੀ (DEWAN TODER MAL HAVELI) ਦੀ ਸਾਂਭ-ਸੰਭਾਲ ਅਤੇ ਰੱਖ-ਰਖਾਅ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਚਾਰ-ਵਟਾਂਦਰੇ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ‘ਤੇ ਚੱਲ ਕੇ ਦੀਵਾਨ ਟੋਡਰਮੱਲ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਵਾਨ ਟੋਡਰਮੱਲ ਜੀ ਦੀ ਹਵੇਲੀ ਦੀ ਸਾਂਭ-ਸੰਭਾਲ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਈ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਲੀਗਲ ਟੀਮ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਕੇਸ ਦੇ ਨਿਪਟਾਰੇ ਲਈ ਕਾਰਵਾਈ ਕਰਨ ਤੋਂ ਇਲਾਵਾ, ਆਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਅਦਾਲਤ ਵਿੱਚ ਅਰਜ਼ੀ ਦਾਖ਼ਲ ਕਰਕੇ ਹਵੇਲੀ ਦੀ ਲੋੜੀਂਦੀ ਸਾਂਭ-ਸੰਭਾਲ ਵਾਸਤੇ ਯਤਨ ਕੀਤੇ ਜਾਣਗੇ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੂੰ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਸਬੰਧੀ ਹਾਈਕੋਰਟ ਵਿੱਚ ਮਾਮਲੇ ਦੀ ਜਲਦ ਸੁਣਵਾਈ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਪ੍ਰਨੀਤ ਸ਼ੇਰਗਿੱਲ ਨੂੰ ਵੀ ਹਦਾਇਤ ਕੀਤੀ ਕਿ ਉਹ ਹਵੇਲੀ ਦੇ ਦਰਸ਼ਨ ਕਰਨ ਆਉਂਦੀ ਸੰਗਤ ਲਈ ਪਖ਼ਾਨਿਆਂ ਦਾ ਪ੍ਰਬੰਧ, ਚਾਰਦੀਵਾਰੀ, ਪਾਰਕਿੰਗ ਅਤੇ ਸਾਫ਼ ਸਫ਼ਾਈ ਲਈ ਯੋਗ ਪ੍ਰਬੰਧ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸ. ਕੁਲਤਾਰ ਸਿੰਘ ਸੰਧਵਾਂ ਨੇ ਵਧੀਕ ਐਡਵੋਕੇਟ ਜਨਰਲ ਸੁਮਨਦੀਪ ਸਿੰਘ ਵਾਲੀਆ ਰਾਹੀਂ ਐਡਵੋਕੇਟ ਜਨਰਲ ਦਫ਼ਤਰ ਨੂੰ ਹਦਾਇਤ ਕੀਤੀ ਕਿ ਅਦਾਲਤ ਵਿੱਚ ਇਸ ਕੇਸ ਦੀ ਸੁਚੱਜੀ ਪੈਰਵਾਈ ਲਈ ਸਮਰਪਿਤ ਵਧੀਕ ਐਡਵੋਕੇਟ ਜਨਰਲ ਤੈਨਾਤ ਕੀਤਾ ਜਾਵੇ।

ਯਾਦਗਾਰੀ ਹਵੇਲੀ ਦੀ ਸੇਵਾ ਕਰਨ ਵਾਲੀ ਸੰਸਥਾ ਦੀਵਾਨ ਟੋਡਰਮੱਲ ਵਿਰਾਸਤੀ ਫ਼ਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਸ. ਲਖਵਿੰਦਰ ਸਿੰਘ ਕਾਹਨੇਕੇ ਨੇ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਕਿ ਜੇਕਰ ਇਸ ਵਿਰਾਸਤੀ ਇਮਾਰਤ ਨੂੰ ਸੰਭਾਲਣ ਦੇ ਕੰਮ ਵਿੱਚ ਤੇਜ਼ੀ ਨਾ ਲਿਆਂਦੀ ਗਈ ਤਾਂ ਇਹ ਰਹਿੰਦੀ ਇਮਾਰਤ ਵੀ ਛੇਤੀ ਡਿੱਗ ਸਕਦੀ ਹੈ। ਮੀਟਿੰਗ ਦੌਰਾਨ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਸ. ਲਖਬੀਰ ਸਿੰਘ ਰਾਏ, ਬੱਸੀ ਪਠਾਣਾਂ ਦੇ ਵਿਧਾਇਕ ਸ. ਰੁਪਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੀ ਵਕੀਲ ਡਾ. ਪੁਨੀਤ ਕੌਰ ਸੇਖੋਂ, ਵਧੀਕ ਐਡਵੋਕੇਟ ਜਨਰਲ  ਸੁਮਨਦੀਪ ਸਿੰਘ ਵਾਲੀਆ ਤੇ ਹੋਰ ਅਧਿਕਾਰੀ ਹਾਜ਼ਰ ਸਨ।

Scroll to Top