BEST TOURISM VILLAGE

ਪੰਜਾਬ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ

ਨਵੀਂ ਦਿੱਲੀ, 27 ਸਤੰਬਰ 2023: ਪੇਂਡੂ ਸੈਰ-ਸਪਾਟਾ ਖੇਤਰ ਵਿਚ ਕੌਮੀ ਪੱਧਰ ‘ਤੇ ਆਪਣੀ ਸਫਲਤਾ ਦਰਜ ਕਰਵਾਉਂਦਿਆਂ ਪੰਜਾਬ ਨੇ ਅੱਜ ਇਥੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿਲੀ ਵਿਖੇ ਕਰਵਾਏ ਗਏ ਲਾਂਚ ਆਫ ਗਲੋਬਲ ਟਰੈਵਲ ਫਾਰ ਲਾਈਫ ਸਮਾਗਮ ਦੌਰਾਨ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ (BEST TOURISM VILLAGE OF INDIA)  2023 ਐਵਾਰਡ ਹਾਸਲ ਕੀਤਾ ਹੈ।

ਪੰਜਾਬ ਦੇ ਜ਼ਿਲ੍ਹੀ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਦੀ ਚੋਣ ਇਸ ਵਕਾਰੀ ਐਵਾਰਡ (BEST TOURISM VILLAGE OF INDIA) ਲਈ ਹੋਈ ਹੈ। ਇਸ ਪਿੰਡ ਨੇ ਪੰਜਾਬ ਸਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਵਿਕਸਿਤ ਕਰਕੇ ਇਕ ਮਿਸਾਲੀ ਕਦਮ ਚੁੱਕਿਆ ਹੈ। ਇਸ ਪਿੰਡ ਨੇ ਆਪਣਾ ਨਾਮ ਇਸ ਐਵਾਰਡ ਲਈ ਸਮੁੱਚੇ ਭਾਰਤ ਵਿਚੋਂ ਚੁਣੇ ਗਏ 35 ਪਿੰਡਾਂ ਵਿਚ ਦਰਜ ਕਰਵਾਇਆ ਹੈ। ਭਾਰਤ ਦੇ ਟੂਰਿਜ਼ਮ ਖੇਤਰ ਦੇ ਉੱਤਮ ਪਿੰਡ ਦੀ ਮਾਨਤਾ ਲਈ ਮੁਕਾਬਲੇ ਖਾਤਰ ਕੁਲ 31 ਸੂਬਿਆਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 750 ਪਿੰਡਾਂ ਵੱਲੋਂ ਅਪਲਾਈ ਕੀਤਾ ਗਿਆ ਸੀ।

ਇਹ ਐਵਾਰਡ ਟੂਰਿਜ਼ਮ ਅਤੇ ਸਭਿਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ, ਪਿੰਡ ਦੇ ਪ੍ਰਤੀਨਿਧ ਸ਼੍ਰੀਮਤੀ ਸਤਵੰਤ ਸੰਘਾ, ਮੈਨੇਜਰ ਅੰਕੜਾ ਅਤੇ ਪ੍ਰਾਜੈਕਟਸ, ਸੈਰ ਸਪਾਟਾ ਵਿਭਾਗ ਪੰਜਾਬ ਸ਼ੀਤਲ ਬਹਿਲ ਨੇ ਕੇਂਦਰੀ ਟੂਰਿਜ਼ਮ ਵਿਭਾਗ ਦੇ ਸਕੱਤਰ ਮਿਸ. ਵੀ.ਵਿਦਯਾਵਤੀ ਅਤੇ ਵਧੀਕ ਸਕੱਤਰ ਰਾਕੇਸ਼ ਵਰਮਾ ਪਾਸੋਂ ਹਾਸਿਲ ਕੀਤਾ।

ਸ਼੍ਰੀਮਤੀ ਭੰਡਾਰੀ ਨੇ ਦੱਸਿਆ ਕਿ ਉੱਤਮ ਟੂਰਿਜ਼ਮ ਪਿੰਡ ਮਾਨਤਾ 2023 ਵਾਸਤੇ ਚੁਣੇ ਗਏ ਇਹਨਾਂ ਪਿੰਡਾਂ ਦੀ ਚੋਣ ਸੰਯੁਕਤ ਰਾਸ਼ਟਰ ਵਿਸ਼ਵ ਸੈਰ-ਸਪਾਟਾ ਸੰਸਥਾ (ਯੂ.ਐਨ.ਡਬਲਿਊ.ਟੀ.ਓ) ਦੇ ਵੱਖ-ਵੱਖ ਪੈਮਾਨਿਆਂ ਤੇ ਅਧਾਰਤ ਸੀ ਜਿਨਾਂ ਵਿਚ ਸਭਿਆਾਚਰਕ ਤੇ ਕੁਦਰਤੀ ਸਰੋਤ, ਆਰਥਿਕ , ਸਮਾਜਿਕ ਅਤੇ ਵਾਤਾਵਰਣ ਸਥਿਰਤਾ ਤੋਂ ਇਲਾਵਾ ਟੂਰਿਜ਼ਮ ਦੇ ਵਿਕਾਸ ਤੇ ਮੁੱਲ ਲੜੀ ਏਕੀਕਰਨ ਤੇ ਹੋਰ ਪਹਿਲੂ ਸ਼ਾਮਲ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਨੇ ਟੂਰਿਜ਼ਮ ਵਿਭਾਗ ਪੰਜਾਬ ਦੇ ਤਾਲਮੇਲ ਅਤੇ ਸੇਧ ਨਾਲ ਪਿਤਾਪੁਰਖੀ ਵਿਰਾਸਤੀ ਹਵੇਲੀਆਂ ਦੀ ਸੰਭਾਲ ਕੀਤੀ ਅਤੇ ਲਗਾਤਾਰ ਯਤਨਾਂ ਸਦਕਾ ਇਹਨਾਂ ਨੂੰ ਟੂਰਿਜ਼ਮ ਦੇ ਮਸ਼ਹੂਰ ਸਥਾਨਾਂ ਵਜੋਂ ਵਿਕਸਿਤ ਕੀਤਾ ਜਿਥੇ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿਚੋਂ ਵੀ ਸੈਲਾਨੀ ਆਉਂਦੇ ਹਨ। ਬ੍ਰਿਟਿਸ਼ ਰਾਜ ਸਮੇਂ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚ ਇੱਕ ਦਾ ਨਾਮ `ਦਾ ਕੋਠੀ` ਅਤੇ ਦੂਜੀ ਦਾ ਨਾਮ `ਪਿੱਪਲ ਹਵੇਲੀ` ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਅਨਮੋਲ ਗਗਨ ਮਾਨ ਦੀ ਯੋਗ ਅਗਵਾਈ ਹੇਠ ਟੂਰਿਜ਼ਮ ਵਿਭਾਗ ਪੰਜਾਬ ਨੂੰ ਸੈਰ-ਸਪਾਟੇ ਦੇ ਪੱਖ ਤੋਂ ਮੋਹਰੀ ਸੂਬਾ ਬਣਾਉਣ ਲਈ ਸੁਹਿਰਦ ਯਤਨ ਕਰ ਰਿਹਾ ਹੈ।

Scroll to Top