July 7, 2024 3:24 pm
MLA Kulwant Singh

ਪੰਜਾਬ ਦੀ ਸਨਅਤ ਫਿਰ ਤੋਂ ਵਿਕਾਸ ਦੇ ਰਾਹ ‘ਤੇ ਤੁਰੀ: ਵਿਧਾਇਕ ਕੁਲਵੰਤ ਸਿੰਘ

ਮੋਹਾਲੀ 18 ਅਗਸਤ 2023: ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦਿਆ ਹੀ ਸੂਬੇ ਦੀ ਸਨਅਤ ਫਿਰ ਤੋਂ ਵਿਕਾਸ ਦੇ ਰਾਹ ‘ਤੇ ਤੁਰ ਪਈ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ- ਭਗਵੰਤ ਸਿੰਘ ਮਾਨ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਕਾਇਦਾ ਲੋਕਾਂ ਦੀ ਕਚਹਿਰੀ ਦੇ ਸਾਹਮਣੇ ਪੰਜਾਬ ਦੀ ਸਨਅਤ ਸਮੇਤ ਵੱਖ-ਵੱਖ ਵਰਗਾਂ ਨੂੰ ਵਿਸ਼ੇਸ਼ ਰਿਆਇਤਾਂ ਦੇ ਕੇ ਫਿਰ ਤੋਂ ਲੀਹ ‘ਤੇ ਲਿਆਉਣ ਦੀ ਗੱਲ ਆਖੀ ਗਈ ਸੀ|

ਇਹ ਗੱਲ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ | ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਵੀ ਗਾਰੰਟੀਆ ਅਤੇ ਵਾਅਦੇ ਸੂਬੇ ਦੀ ਜਨਤਾ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੀਤੇ ਗਏ ਸਨ, ਹੁਣ ਸਭ ਨੂੰ ਪੜਾਅ- ਦਰ- ਪੜਾਅ ਪੂਰਾ ਕੀਤਾ ਜਾ ਰਿਹਾ ਹੈ, ਜਿਸ ਚੱਲਦੇ ਹੋਏ ਵਿਰੋਧੀ ਪਾਰਟੀ ਦੇ ਆਗੂਆਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਹੈ ਅਤੇ ਉਹ ਬਿਨਾ ਸਬੂਤਾਂ ਅਤੇ ਬਿਨਾ ਤੱਥਾਂ ਦੇ ਆਧਾਰ ‘ਤੇ ਝੂਠੀ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਵੱਲ ਨੂੰ ਤੁਰੇ ਹੋਏ ਹਨ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਭਾਵੇਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਕੁੱਝ ਵੀ ਬੋਲੀ ਜਾਣ, ਪਰੰਤੂ ਸਰਕਾਰ ਦੇ ਵੱਲੋਂ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਬਿਨਾਂ ਕਿਸੇ ਪੱਖਪਾਤ ਅਤੇ ਪਾਰਟੀਬਾਜੀ ਦੇ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਟੀਮ ਜਿਸ ਵਿੱਚ ਪ੍ਰਧਾਨ- ਬਲਜੀਤ ਸਿੰਘ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਹਾਜਰ ਰਹੇ, ਦੇ ਵੱਲੋਂ ਵਿਧਾਇਕ ਕੁਲਵੰਤ ਸਿੰਘ ਦਾ ਜਿੱਥੇ ਧੰਨਵਾਦ ਕੀਤਾ। ਉੱਥੇ ਉਨ੍ਹਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਮੋਹਾਲੀ ਦੇ ਸਮਾਲ, ਮੀਡੀਅਮ ਅਤੇ ਲਾਰਜ ਕੈਟੇਗਰੀ ਦੇ ਨਾਲ ਸੰਬੰਧਿਤ ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੇ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨਗੇ |

ਵਿਧਾਇਕ ਕੁਲਵੰਤ ਸਿੰਘ ਦੇ ਨਾਲ ਵਿਚਾਰ- ਵਟਾਂਦਰੇ ਦੇ ਦੌਰਾਨ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਮੂਹਦਾਰਾਂ ਅਤੇ ਮੈਂਬਰਾਂ ਦੇ ਨਾਲ ਮਿਲ ਕੇ ਮੋਹਾਲੀ ਵਿਚ ਇੰਡਸਟਰੀ ਜਗਤ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਬਕਾਇਦਾ ਰੂਪ ਰੇਖਾ ਤਿਆਰ ਕਰਨਗੇ |

ਇਸ ਮੌਕੇ ਸੈਕਟਰ-79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੀਟਿੰਗ ਦੇ ਦੌਰਾਨ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਤੋਂ ਇਲਾਵਾ ਹਰਿੰਦਰਪਾਲ ਸਿੰਘ ਬਿੱਲਾ ਸਾਬਕਾ ਪ੍ਰਧਾਨ ਮੋਹਾਲੀ ਐਮ.ਸੀ, ਕੰਵਲਜੀਤ ਸਿੰਘ – ਸਾਬਕਾ ਪ੍ਰਧਾਨ , ਜਸਵੀਰ ਸਿੰਘ ਐਡਵੋਕੇਟ , ਅਸ਼ੋਕ ਗੁਪਤਾ- ਚੇਅਰਮੈਨ ਆਫ਼ ਡਿਪਲਾਸਟ ਗਰੁੱਪ ਆਫ ਕੰਪਨੀਜ, ਸਟੇਟ ਐਵਾਰਡੀ – ਫੂਲਰਾਜ ਸਿੰਘ , ਕੁਲਦੀਪ ਸਿੰਘ ਸਮਾਣਾ , ਰਾਜਿੰਦਰ ਪ੍ਰਸ਼ਾਦ ਸ਼ਰਮਾ; ਹਰਪਾਲ ਸਿੰਘ ਚੰਨਾ- ਸਾਬਕਾ ਕੌਂਸਲਰ, ਤਾਰਨਜੀਤ ਸਿੰਘ,ਹੈਪੀ ਮੋਹਾਲੀ ਹਾਜ਼ਰ ਸਨ |