ਚੰਡੀਗੜ੍ਹ, 16 ਮਾਰਚ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੇ ਜਾ ਰਹੇ ਐਕਸ-ਸੀਟੂ ਪ੍ਰਬੰਧਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਬੋਰਡ ਦੇ ਯਤਨਾਂ ਸਦਕਾ ਇਕ ਉਦਯੋਗਿਕ ਇਕਾਈ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਵੱਲੋਂ ਝੋਨੇ ਦੀ ਪਰਾਲੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਪੋਲੇਟਾਈਜ਼ੇਸ਼ਨ ਅਤੇ ਟੋਰੋਟੈਕਸ਼ਨ ਪਲਾਂਟ ਦੀ ਸਥਾਪਨਾ ਲਈ ਵਾਤਾਵਰਣ ਸੁਰੱਖਿਆ ਚਾਰਜ ਫੰਡਾਂ ਦੇ ਤਹਿਤ ਇੱਕ ਵਾਰ ਵਿੱਤੀ ਸਹਾਇਤਾ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਉੱਦਮੀਆਂ ਅਤੇ ਮੌਜੂਦਾ ਉਦਯੋਗਿਕ ਇਕਾਈਆਂ ਨੂੰ ਸੂਬੇ ਵਿੱਚ ਝੋਨੇ ਦੀ ਪਰਾਲੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਦੀ ਪਰਾਲੀ ਆਧਾਰਿਤ ਪੈਲੇਟਾਈਜ਼ੇਸ਼ਨ ਅਤੇ ਟੋਰੇਫੈਕਸ਼ਨ ਪਲਾਂਟ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਬੋਰਡਾਂ ਦੇ ਲਗਾਤਾਰ ਅਤੇ ਸੁਹਿਰਦ ਯਤਨਾਂ ਸਦਕਾ ਪੰਜਾਬ ਦੀਆਂ ਤਿੰਨ ਉਦਯੋਗਿਕ ਇਕਾਈਆਂ ਨੇ ਕੇਂਦਰੀ ਬੋਰਡ (Central Pollution Control Board) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਬੋਰਡ ਦੇ ਪੋਰਟਲ ‘ਤੇ ਅਪਲਾਈ ਕੀਤਾ ਹੈ। ਤਿੰਨ ਯੂਨਿਟਾਂ ਵਿੱਚੋਂ ਬੋਰਡ ਦੀਆਂ ਸਿਫ਼ਾਰਸ਼ਾਂ ਉੱਤੇ ਮੈਸਰਜ਼ ਏ.ਬੀ. ਟਿਊਲਸ਼ ਪਿੰਡ ਢੈਪਈ, ਭੀਖਲੀ (ਜ਼ਿਲਾ) ਨੂੰ 3 ਟੀਪੀਐਚ ਦੀ ਸਮਰੱਥਾ ਵਾਲੇ ਝੋਨੇ ਦੀ ਪਰਾਲੀ ਅਧਾਰਤ ਟੋਰੀਫੈਕਸ਼ਨ ਪਲਾਂਟ ਸਥਾਪਤ ਕਰਨ ਲਈ ਕੇਂਦਰੀ ਬੋਰਡ ਤੋਂ 81,85,805 ਰੁਪਏ ਦੀ ਵਿੱਤੀ ਸਹਾਇਤਾ ਸਫਲਤਾਪੂਰਵਕ ਪ੍ਰਾਪਤ ਹੋਈ ਹੈ ਜੋ ਕਿ ਉਦਯੋਗ ਦੀ ਲਾਗਤ (2,04,64,513 ਰੁਪਏ) ਦਾ 40 ਫੀਸਦੀ ਹੈ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਇਸ ਐਕਸ-ਸੀਟੂ ਪ੍ਰਬੰਧਨ ਅਤੇ ਸੂਬੇ ਵਿੱਚ ਅਜਿਹੇ ਯੂਨਿਟਾਂ ਦੀ ਸਥਾਪਨਾ ਨਾਲ ਝੋਨੇ ਦੀ ਪਰਾਲੀ ਅਧਾਰਿਤ ਥਰਮਲ ਪਾਵਰ ਪਲਾਂਟਾਂ ਨੂੰ ਪਰਾਲੀ ਅਧਾਰਿਤ ਰਾਜ ਦੇ ਅੰਦਰ ਹੀ ਉਪਲਬਧ ਹੋ ਜਾਵੇਗੀ ਅਤੇ ਖੁੱਲ੍ਹੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਵਿੱਚ ਕਮੀ ਆਵੇਗੀ।ਅਜਿਹੇ ਪੈਲੇਟਾਈਜ਼ੇਸ਼ਨ/ਟੋਰੋਟੈਕਸ਼ਨ ਪਲਾਂਟਾਂ ਦੀ ਸਥਾਪਨਾ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਨਾਲ ਉੱਦਮੀਆਂ ਅਤੇ ਮੌਜੂਦਾ ਉਦਯੋਗਿਕ ਇਕਾਈਆਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਜਿਸ ਨਾਲ ਸੂਬੇ ਵਿੱਚ ਪੈਦਾ ਹੋ ਰਹੀ ਝੋਨੇ ਦੀ ਪਰਾਲੀ ਦੀ ਵਰਤੋਂ ਵਿੱਚ ਕਾਫੀ ਵਾਧਾ ਹੋਵੇਗਾ।