Horse Riding Festival

Horse Riding Festival: 1 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਦਾ ਪਹਿਲਾ ਘੋੜ ਸਵਾਰੀ ਉਤਸਵ

ਐਸ.ਏ.ਐਸ.ਨਗਰ, 27 ਫਰਵਰੀ 2025: Horse Riding Festival: ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਐਸ.ਏ.ਐਸ.ਨਗਰ (ਮੋਹਾਲੀ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦਾ ਪਹਿਲਾ ਘੋੜ ਸਵਾਰੀ ਫੈਸਟੀਵਲ 1 ਮਾਰਚ ਅਤੇ 2 ਮਾਰਚ 2025 ਨੂੰ ਦ ਰੈਂਚ, ਫੋਰੈਸਟ ਹਿੱਲ ਰਿਜ਼ੋਰਟ, ਗੇਟ ਨੰਬਰ 4, ਪਿੰਡ ਕਰੋਰਾਂ ਵਿਖੇ ਕਰਵਾਇਆ ਜਾ ਰਿਹਾ ਹੈ।

ਅੱਜ ਇਸ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨਾਲ ਬੈਠਕ ਕਰਕੇ ਫੈਸਟੀਵਲ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਭਲਕੇ (ਸ਼ੁੱਕਰਵਾਰ) ਸ਼ਾਮ ਤੱਕ ਸਮਾਂ ਰਹਿੰਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ |

ਜਿਕਰਯੋਗ ਹੈ ਕਿ ਘੋੜ ਸਵਾਰੀ ਦਾ ਉਤਸਵ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ, ਇਸ ਵਿੱਚ ਮਾਰਵਾੜੀ ਅਤੇ ਨੁਕਰਾ ਦੀਆਂ 250 ਦੇ ਕਰੀਬ ਦੇਸੀ ਨਸਲਾਂ ਨੂੰ ਸ਼ਾਮਲ ਕੀਤਾ ਹੈ। ਉਤਸਵ ਦੌਰਾਨ ਕਈ ਪ੍ਰੋਗਰਾਮ ਕਰਵਾਏ ਜਾਣਗੇ, ਇਨ੍ਹਾਂ ‘ਚ ਘੋੜਿਆਂ ਦੇ ਜੰਪਿੰਗ, ਰਿੰਗ ਮੁਕਾਬਲੇ, ਟੈਂਟ ਪੈਗਿੰਗ, ਮਾਰਵਾੜੀ ਨਸਲ ਦੀ ਪ੍ਰਦਰਸ਼ਨੀ, ਘੋੜਿਆਂ ਦੇ ਨਾਲ ਇੱਕ ਫੈਸ਼ਨ ਸ਼ੋਅ ਅਤੇ ਐਨ ਜ਼ੇਡ ਸੀਸੀ ਟੀਮਾਂ ਵੱਲੋਂ ਪ੍ਰਦਰਸ਼ਨ ਅਤੇ ਦੋਵੇਂ ਦਿਨ ਪ੍ਰਸਿੱਧ ਪੰਜਾਬੀ ਗਾਇਕਾਂ ਦੁਆਰਾ ਸੰਗੀਤਕ ਸ਼ਾਮਾਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ (Horse Riding Festival) ‘ਚ ਭਾਗ ਲੈਣ ਵਾਲੇ ਜਾਂ ਦਰਸ਼ਕਾਂ ਤੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਵੇਗੀ। ਘੋੜਸਵਾਰੀ ਦੇ ਪ੍ਰਦਰਸ਼ਨ ‘ਤੇ ਆਧਾਰਿਤ ਇਸ ਵਿਲੱਖਣ ਮੇਲੇ ਨੂੰ ਦੇਖਣ ਲਈ ਹਰ ਕਿਸੇ ਦਾ ਸਵਾਗਤ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਘੋੜਿਆਂ ਤੋਂ ਇਲਾਵਾ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਆਈ.ਟੀ.ਬੀ.ਪੀ ਅਤੇ ਪ੍ਰਾਈਵੇਟ ਸਟੱਡ ਫਾਰਮਾਂ ਦੀਆਂ ਖੇਡ ਨਸਲਾਂ ਨੂੰ ਸੱਦਾ ਦਿੱਤਾ ਹੈ।

ਇਸ ਦੋ-ਰੋਜ਼ਾ ਘੋੜ ਸਵਾਰੀ ਮੇਲੇ ਦੇ ਸਫ਼ਲ ਆਯੋਜਨ ਲਈ ਸਥਾਨ ਦ ਰੈਂਚ, ਫੋਰੈਸਟ ਹਿੱਲ ਰਿਜ਼ੋਰਟ, ਗੇਟ ਨੰਬਰ 4, ਪਿੰਡ ਕਰੋਰਾਂ ਵਿਖੇ ਤਿੰਨ ਅਖਾੜੇ ਬਣਾਏ ਗਏ ਹਨ। ਇਸਦੇ ਨਾਲ ਹੀ ਐਨ ਜ਼ੇਡ ਸੀਸੀ ਟੀਮਾਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੀਆਂ | ਸ਼ਾਮ 6 ਵਜੇ ਤੋਂ ਪ੍ਰਸਿੱਧ ਪੰਜਾਬੀ ਗਾਇਕਾਂ ਮੀਤ ਕੌਰ (ਦਿਨ ਪਹਿਲਾ) ਅਤੇ ਦਿਲਪ੍ਰੀਤ ਢਿੱਲੋਂ (ਦਿਨ ਦੂਜਾ) ਦੀਆਂ ਪੇਸ਼ਕਾਰੀਆਂ ਦਰਸ਼ਕਾਂ ਦਾ ਮਨ ਮੋਹ ਲੈਣਗੀਆਂ।

ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਟੀਮ ਲਾਂਸ ਟੈਂਟ ਪੈਗਿੰਗ, ਸਿਕਸ ਬਾਰ ਜੰਪਿੰਗ, ਸਵੋਰਡ ਇੰਡੀਵਿਜੁਅਲ ਟੈਂਟ ਪੈਗਿੰਗ, ਹਾਰਸ ਡਾਂਸ ਮੁਕਾਬਲਾ, ਫੈਸ਼ਨ ਸ਼ੋਅ, ਡਰੈਸੇਜ ਪ੍ਰੀਲੀਮਨਰੀ, ਓਪਨ ਹੈਕਸ, ਫੈਰੀਅਰ ਟੈਸਟ, ਮਿਲਕ ਟੀਥ ਫਿਲੀ ਰਿੰਗ, ਹਾਰਸ ਡਿਸਪਲੇ, ਮਿਲਕ ਟੀਥ ਕੋਲਟਿਡ ਅਤੇ ਫੈਸ਼ਨ ਸ਼ੋਅ ਦਾ ਕਰਵਾਏ ਜਾਣਗੇ |

ਇਸ ਪ੍ਰੋਗਰਾਮ ਦਾ ਦੂਜਾ ਦਿਨ ਲਾਂਸ ਵਿਅਕਤੀਗਤ ਟੈਂਟ ਪੈਗਿੰਗ, ਸ਼ੋ ਜੰਪਿੰਗ ਡਰਬੀ, ਸਵੋਰਡ ਟੀਮ ਟੈਂਟ ਪੈਗਿੰਗ, ਫੈਂਸੀ ਡਰੈੱਸ, ਫਾਈਨਲ ਰਨ ਸਵੋਰਡ ਟੀਮ, ਮੈਡਲੇ ਰਿਲੇ, ਮੈਡਲ ਸਮਾਗਮ, ਡਰੈਸੇਜ ਐਲੀਮੈਂਟਰੀ, ਸ਼ੋ ਜੰਪਿੰਗ ਗਰੁੱਪ 1-2-3, ਘੋੜੀ ਨੁੱਕਰਾ ਰਿੰਗ, ਘੋੜੀ ਮਾਰਵਾੜੀ ਰਿੰਗ,ਪੋਲ ਬੈਂਡਿੰਗ ਰੇਸ, ਬਾਲ ਅਤੇ ਬਕੇਟ ਰੇਸ, ਘੋੜਿਆਂ ਦੀ ਪ੍ਰਦਰਸ਼ਨੀ, ਸਟਾਲੀਅਨ ਮਾਰਵਾੜੀ ਰਿੰਗ ਮੁਕਾਬਲੇ ਕਰਵਾਏ ਜਾਣਗੇ |

ਉਨ੍ਹਾਂ ਕਿਹਾ ਕਿ ਮੈਡੀਕਲ ਅਤੇ ਪਸ਼ੂ ਪਾਲਣ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਸਫ਼ਾਈ ਅਤੇ ਲੈਵਲਿੰਗ ਵਰਗੇ ਹੋਰ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਬੈਠਕ ‘ਚ ਏਡੀਸੀ ਸੋਨਮ ਚੌਧਰੀ, ਐਸ.ਡੀ.ਐਮ ਖਰੜ ਗੁਰਮੰਦਰ ਸਿੰਘ, ਸੀਐਮਐਫਓ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸ਼ਿਵਕਾਂਤ ਗੁਪਤਾ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।

Read More: 1 ਅਤੇ 2 ਮਾਰਚ ਨੂੰ ਐਸ.ਏ.ਐਸ.ਨਗਰ ਵਿਖੇ ਦੋ ਰੋਜ਼ਾ ਘੋੜਸਵਾਰੀ ਉਤਸਵ ਦਾ ਕੀਤਾ ਜਾਵੇਗਾ ਆਯੋਜਨ

Scroll to Top