ਚੰਡੀਗੜ੍ਹ, 26 ਜੁਲਾਈ 2023: ਪੰਜਾਬ ਦੇ ਡੀਸੀ ਦਫ਼ਤਰਾਂ (DC office) ਅਤੇ ਤਹਿਸੀਲਾਂ ਨੂੰ ਅੱਜ ਵੀ ਤਾਲੇ ਲੱਗੇ ਰਹਿਣਗੇ ਅਤੇ ਕੋਈ ਕੰਮ ਨਹੀਂ ਹੋਵੇਗਾ । ਸਾਰੇ ਮੁਲਾਜ਼ਮਾਂ ਨੇ ਅੱਜ ਸਮੂਹਿਕ ਛੁੱਟੀ ‘ਤੇ ਹਨ। ਅੱਜ ਸਾਰੇ ਮੁਲਾਜ਼ਮ ਰੋਪੜ ਵਿੱਚ ਇਕੱਠੇ ਹੋਣਗੇ ਅਤੇ ਪੂਰੇ ਸ਼ਹਿਰ ਵਿੱਚ ਅਰਥੀ ਫੂਕ ਰੈਲੀ ਕੱਢਣਗੇ। ਉਪਰੰਤ ਵਿਧਾਇਕ ਦਿਨੇਸ਼ ਚੱਢਾ ਦਾ ਪੁਤਲਾ ਫੂਕਿਆ ਜਾਵੇਗਾ। ਵਿਧਾਇਕ ਦੇ ਘਰ ਦੇ ਬਾਹਰ ਧਰਨਾ ਦੇਣਗੇ।
ਜਿਕਰਯੋਗ ਹੈ ਕਿ ਮੰਗਲਵਾਰ ਨੂੰ ਵੀ ਮੁਲਾਜ਼ਮ ਕਲਮ ਛੋੜ ਹੜਤਾਲ ’ਤੇ ਚਲੇ ਗਏ ਸਨ । ਮੁਲਾਜ਼ਮਾਂ ਦੀ ਹੜਤਾਲ ਕਾਰਨ ਰਜਿਸਟਰੀਆਂ ਤੋਂ ਲੈ ਕੇ ਸਰਟੀਫਿਕੇਟ, ਲਾਇਸੈਂਸ, ਆਰਸੀ ਆਦਿ ਦਾ ਸਾਰਾ ਕੰਮ ਠੱਪ ਰਿਹਾ । ਇਸਦੇ ਚੱਲਦੇ ਕੀਤੇ ਨਾ ਕੀਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਹਰ ਰੋਜ਼ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ ।
ਮੁਲਾਜ਼ਮ ਇਸ ਗੱਲ ’ਤੇ ਅੜੇ ਹੋਏ ਹਨ ਕਿ ਹਲਕਾ ਰੋਪੜ ਦੇ ਵਿਧਾਇਕ ਤਹਿਸੀਲ ਵਿੱਚ ਜਾ ਕੇ ਮੁਲਾਜ਼ਮਾਂ ਨਾਲ ਹੋਏ ਮਾੜੇ ਵਿਵਹਾਰ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਗੇੜੇ ਮਾਰ ਕੇ ਮੁਲਾਜ਼ਮਾਂ ਨੂੰ ਜ਼ਲੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।