July 7, 2024 4:57 pm
Jasmine Kaur

ਪੰਜਾਬ ਦੀ ਧੀ ਜੈਸਮੀਨ ਕੌਰ ਨੇ ਜਰਮਨ ਪੁਲਿਸ ‘ਚ ਭਰਤੀ ਹੋ ਕੇ ਮਾਪਿਆਂ ਤੇ ਦੇਸ਼ ਦਾ ਵਧਾਇਆ ਮਾਣ

ਚੰਡੀਗੜ੍ਹ, 05 ਅਪ੍ਰੈਲ 2023: ਪੰਜਾਬੀਆਂ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਪੰਜਾਬੀ ਜੈਸਮੀਨ ਕੌਰ (Jasmine Kaur) ਨੇ ਜਰਮਨ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਸਮੇਤ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਰਦਾਰ ਮਨਜੀਤ ਸਿੰਘ ਦੀ ਪੁੱਤਰੀ ਜਸਮੀਨ ਕੌਰ ਅਤੇ ਰੁੜਕਾ ਕਲਾਂ ਦੀ ਬੀਬੀ ਸੁਰਜੀਤ ਕੌਰ ਨੇ ਜਰਮਨ ਬਾਰਡਰ ਪੁਲਿਸ ਵਿੱਚ ਆਪਣੀ ਥਾਂ ਬਣਾਈ ਹੈ।

ਜੈਸਮੀਨ ਕੌਰ (Jasmine Kaur) ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਹਮੇਸ਼ਾ ਉਸ ਨੂੰ ਜਰਮਨ ਪੁਲਿਸ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਹਰ ਕਦਮ ‘ਤੇ ਉਸ ਦਾ ਸਾਥ ਦਿੱਤਾ। ਇਸ ਦੇ ਨਾਲ ਹੀ ਜੈਸਮੀਨ ਕੌਰ ਦੇ ਮਾਪਿਆਂ ਨੇ ਵੀ ਆਪਣੀ ਬੇਟੀ ਦੀ ਇਸ ਵਿਲੱਖਣ ਪ੍ਰਾਪਤੀ ‘ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਦੇ ਜੱਦੀ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਜਸਮੀਨ ਕੌਰ ਦੀ ਦਾਦੀ ਬੀਬੀ ਗੁਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਸਾਡੇ ਪਰਿਵਾਰ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਵਧਾਈ ਸੰਦੇਸ਼ ਆ ਰਹੇ ਹਨ। ਜੈਸਮੀਨ ਕੌਰ ਦੀ ਦਾਦੀ ਨੇ ਕਿਹਾ ਕਿ ਧੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ, ਉਹ ਕਿਸੇ ਵੀ ਪੱਖੋਂ ਪੁੱਤਰਾਂ ਤੋਂ ਘੱਟ ਨਹੀਂ ਹਨ। ਸਾਡੀ ਧੀ ਨੇ ਸਾਡਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ ਹੈ। ਇਸ ਮੌਕੇ ਗਿਆਨੀ ਪਵਿਤਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਡੀ ਧੀ ਦੀ ਇਸ ਪ੍ਰਾਪਤੀ ਕਾਰਨ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ, ਜਿਸ ਲਈ ਅਸੀਂ ਸਮੂਹ ਪਰਿਵਾਰ ਨੂੰ ਵਧਾਈ ਦਿੰਦੇ ਹਾਂ।