July 2, 2024 11:47 pm
Morocco

10 ਮਹੀਨਿਆਂ ਤੋਂ ਮੋਰੱਕੋ ‘ਚ ਫਸੇ ਪੰਜਾਬੀ ਨੌਜਵਾਨ ਦੀ ਵਤਨ ਵਾਪਸੀ, ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ, 4 ਅਪ੍ਰੈਲ 2024: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮੋਰੱਕੋ (Morocco) ਵਿੱਚ 10 ਮਹੀਨਿਆਂ ਤੋਂ ਫਸਿਆ 22 ਸਾਲਾ ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਆਪਣੇ ਦੇਸ਼ ਪਰਤ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਪਿੰਡ ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਆਪਣੇ 12ਵੀਂ ਪਾਸ ਲੜਕੇ ਅਰਸ਼ਦੀਪ ਨੂੰ ਸਪੇਨ ਭੇਜਣ ਲਈ ਰਿਸ਼ਤੇਦਾਰਾਂ ਤੋਂ 13 ਲੱਖ ਰੁਪਏ ਇਕੱਠੇ ਕਰਕੇ ਪਿੰਡ ਪੰਮਾਣਾ ​​ਦੇ ਰਹਿਣ ਵਾਲੇ ਇਕ ਟਰੈਵਲ ਏਜੰਟ ਨੂੰ ਦਿੱਤੇ ਸਨ।

ਅਰਸ਼ਦੀਪ ਨੇ ਦੱਸਿਆ ਕਿ ਉਹ ਜੂਨ 2023 ‘ਚ ਜੈਪੁਰ ਤੋਂ ਸਪੇਨ ਲਈ ਫਲਾਈਟ ‘ਚ ਸਵਾਰ ਹੋਇਆ ਸੀ ਪਰ ਟਰੈਵਲ ਏਜੰਟ ਨੇ ਉਸ ਨੂੰ ਮੋਰੱਕੋ ‘ਚ ਫਸਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਪੈਸੇ ਸਨ, ਉਹ ਹੋਟਲ ਦੇ ਕਿਰਾਏ ਅਤੇ ਖਾਣ-ਪੀਣ ‘ਤੇ ਖਰਚ ਹੋ ਗਏ ਹਨ। ਉਹ ਜਿਸ ਹੋਟਲ ਵਿਚ ਰਹਿੰਦਾ ਸੀ, ਉਸ ਵਿਚ ਰਹਿਣ ਲਈ ਘਰ ਤੋਂ ਹਰ ਹਫ਼ਤੇ 15 ਤੋਂ 20 ਹਜ਼ਾਰ ਰੁਪਏ ਦੀ ਮੰਗ ਕਰਦਾ ਸੀ। ਉਸ ਲਈ ਮੋਰੱਕੋ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ ਅਤੇ 10 ਮਹੀਨਿਆਂ ਦਾ ਹੋਟਲ ਦਾ ਖਰਚਾ ਕਰੀਬ 7 ਲੱਖ ਰੁਪਏ ਹੋ ਗਿਆ।

ਅਰਸ਼ਦੀਪ ਨੇ ਦੱਸਿਆ ਕਿ ਉਸ ਦੇ ਨਾਲ ਹੋਰ ਲੜਕੇ ਵੀ ਸਨ ਜਿਨ੍ਹਾਂ ਨੇ ਫੇਸਬੁੱਕ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਸਾਰੀ ਕਹਾਣੀ ਦੱਸੀ। ਜਿਸ ਤੋਂ ਬਾਅਦ ਉਸ ਦੇ ਪਿਤਾ ਨਿਰਮਲ ਸਿੰਘ ਨੇ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਨਾਲ 19 ਮਾਰਚ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ।

ਸੰਤ ਸੀਚੇਵਾਲ ਨੇ ਤੁਰੰਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਮੋਰੱਕੋ (Morocco) ਸਥਿਤ ਭਾਰਤੀ ਦੂਤਾਵਾਸ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਦੀ ਘਰ ਵਾਪਸੀ ਯਕੀਨੀ ਬਣਾਈ ਅਤੇ ਉਹ 28 ਮਾਰਚ ਨੂੰ ਸੁਰੱਖਿਅਤ ਘਰ ਪਹੁੰਚ ਗਿਆ। ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ 10 ਹੋਰ ਪੰਜਾਬੀਆਂ ਦੀ ਵੀ ਵਾਪਸੀ ਹੋਈ ਹੈ। ਅਰਸ਼ਦੀਪ ਨੇ ਦਾਅਵਾ ਕੀਤਾ ਕਿ ਸਪੇਨ ਜਾਣ ਲਈ ਟਰੈਵਲ ਏਜੰਟਾਂ ਵੱਲੋਂ ਫਸੇ ਭਾਰਤੀ ਨੌਜਵਾਨਾਂ ਦੀ ਗਿਣਤੀ 500 ਦੇ ਕਰੀਬ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਜਿਹੇ ਟਰੈਵਲ ਏਜੰਟ ਗਰੀਬਾਂ ਦੀ ਬੇਵਸੀ ਦਾ ਫਾਇਦਾ ਉਠਾ ਕੇ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਸ਼ਾਨ ਦੇ ਸੁਪਨੇ ਦਿਖਾ ਕੇ ਧੋਖਾ ਦੇ ਰਹੇ ਹਨ। ਜਿਸ ਤੋਂ ਬਚਣ ਦੀ ਲੋੜ ਹੈ। ਮੁਰੀਦਵਾਲ ਵਾਸੀ ਨਿਰਮਲ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੰਨਾ ਗਰੀਬ ਹੈ ਕਿ ਮਿਸਤਰੀ ਹੋਣ ਦੇ ਬਾਵਜੂਦ ਉਸ ਦੇ ਘਰ ਵਿੱਚ ਬਾਥਰੂਮ ਵੀ ਨਹੀਂ ਬਣ ਸਕਿਆ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ੀ ਪੌਂਡਾਂ ਅਤੇ ਡਾਲਰਾਂ ਦੀ ਚਮਕ-ਦਮਕ ਮਗਰ ਨਾ ਭੱਜਣ ਸਗੋਂ ਇਸ ਪੈਸੇ ਨਾਲ ਭਾਰਤ ਵਿੱਚ ਆਪਣਾ ਕਾਰੋਬਾਰ ਚਲਾਉਣ।