Punjabi University

ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਅਧਿਐਨ

ਪਟਿਆਲਾ 24 ਜੁਲਾਈ 2023: ਪੰਜਾਬੀ ਯੂਨੀਵਰਸਿਟੀ (Punjabi University) ਦੇ ਮਨੋਵਿਗਿਆਨ ਵਿਭਾਗ ਦੀ ਇੱਕ ਤਾਜ਼ਾ ਖੋਜ ਵਿੱਚ ਉਨ੍ਹਾਂ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਅਧਿਐਨ ਕੀਤਾ ਗਿਆ ਹੈ ਜੋ ਕਿਸੇ ਵੀ ਵਜ੍ਹਾ ਕਾਰਨ ਆਪਣੇ ਬੱਚਿਆਂ ਦੇ ਭੌਤਿਕ ਤੌਰ ਉੱਤੇ ਦੂਰ ਚਲੇ ਜਾਣ ਕਾਰਨ ਇਕੱਲਤਾ ਭੋਗਦਿਆਂ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਡਾ. ਮਨਦੀਪ ਕੌਰ ਦੀ ਨਿਗਰਾਨੀ ਵਿੱਚ ਇਹ ਅਧਿਐਨ ਖੋਜਾਰਥੀ ਜੈਸਮੀਨ ਕੌਰ ਵੱਲੋਂ ਕੀਤਾ ਗਿਆ ਹੈ।

ਖੋਜ ਨਿਗਰਾਨ ਡਾ. ਮਨਦੀਪ ਕੌਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਵਿੱਚ ਬੱਚੇ ਆਪਣੇ ਬਿਹਤਰ ਰੁਜ਼ਗਾਰ, ਸਿੱਖਿਆ ਜਾਂ ਵਿਆਹ ਦੇ ਮੌਕਿਆਂ ਵਾਸਤੇ ਆਪਣੇ ਘਰਾਂ ਨੂੰ ਛੱਡਕੇ ਚਲੇ ਜਾਂਦੇ ਹਨ। ਇਸ ਮਾਮਲੇ ਵਿੱਚ ਭਾਰਤ ਵੀ ਕੋਈ ਅਪਵਾਦ ਨਹੀਂ ਹੈ, ਇਸ ਦਾ ਕਾਰਨ ਇਹ ਹੈ ਕਿ ਹੁਣ ਸੱਭਿਆਚਾਰਕ ਪ੍ਰਸਾਰ, ਸ਼ਹਿਰੀਕਰਨ, ਉਦਯੋਗਿਕ ਕ੍ਰਾਂਤੀ ਅਤੇ ਆਧੁਨਿਕ ਪਰਿਵਾਰ ਪ੍ਰਣਾਲੀਆਂ ਦੇ ਕਾਰਨ ਇਹ ਵਰਤਾਰਾ ਵੱਖ-ਵੱਖ ਸੱਭਿਆਚਾਰਕ ਸਮੂਹਾਂ ਵਿੱਚ ਲਗਾਤਾਰ ਵਧ ਰਿਹਾ ਹੈ।

ਭਾਰਤ ਵਿੱਚ ਵੀ ਦੇਸ਼ ਦੇ ਸਮਾਜਿਕ-ਆਰਥਿਕ ਦ੍ਰਿਸ਼ ਵਿੱਚ ਤਬਦੀਲੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਿਊਕਲੀਅਰ ਪਰਿਵਾਰ ਪ੍ਰਣਾਲੀ ਦੇ ਉਭਾਰ ਅਤੇ ਪ੍ਰਸਿੱਧੀ ਨੂੰ ਜਨਮ ਦਿੱਤਾ ਹੈ। ਪਹਿਲਾਂ ਭਾਰਤੀ ਸੰਸਕ੍ਰਿਤੀ ਵਿੱਚ ਲੋਕ ਵੱਡੇ ਪਰਿਵਾਰਾਂ ਵਿੱਚ ਰਹਿੰਦੇ ਸਨ ਅਤੇ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡ ਕੇ ਜਾਂਦੇ ਸਨ ਤਾਂ ਮਾਪੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਵਿੱਚ ਉਲਝ ਜਾਂਦੇ ਸਨ ਪਰ ਅੱਜ ਕੱਲ੍ਹ ਬਿਹਤਰ ਮੌਕਿਆਂ ਦੀ ਭਾਲ ਵਿੱਚ ਨੌਜਵਾਨ ਪੀੜ੍ਹੀ ਦੇ ਪਰਵਾਸ ਨੇ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ ਹਨ।

ਉਹ ਆਪਣੇ ਖੁਦ ਦੇ ਬਾਲਗ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਗ਼ੈਰ-ਹਾਜ਼ਰੀ ਵਿੱਚ ਅਲੱਗ-ਥਲੱਗ ਅਤੇ ਇਕੱਲੇ ਰਹਿ ਗਏ ਮਹਿਸੂਸ ਕਰਦੇ ਹਨ ਜੋ ਉਹਨਾਂ ਨੂੰ ਇੱਕ ਮਾਪੇ ਹੋਣ ਅਤੇ ਸਰਗਰਮ ਪਰਵਰਿਸ਼ ਕਰਤਾ ਵਜੋਂ ਆਪਣੀ ਪਛਾਣ ਦੀ ਹਾਨੀ ਦੇ ਅਹਿਸਾਸ ਨਾਲ਼ ਭਾਵਨਾਤਮਕ ਤੌਰ ‘ਤੇ ਕਸ਼ਟ ਵਿੱਚ ਪਾਉਂਦਾ ਹੈ ਅਤੇ ਅਸੁਰੱਖਿਅਤ ਮਹਿਸੂਸ ਕਰਨ ਲਈ ਮਜ਼ਬੂਰ ਕਰਦਾ ਹੈ।

ਅਜਿਹੀ ਹਾਲਤ ਵਿੱਚ ਇਹ ਮਾਪੇ ਨਕਾਰਾਤਮਕ ਵਿਚਾਰਾਂ ਵਿਚ ਇੰਨੇ ਉਲਝ ਜਾਂਦੇ ਹਨ ਕਿ ਉਨ੍ਹਾਂ ਦਾ ਮਨ ਇਹ ਸੋਚਦਾ ਰਹਿੰਦਾ ਹੈ ਕਿ ਉਹ ਬਹੁਤ ਇਕੱਲੇ ਹਨ, ਉਨ੍ਹਾਂ ਦੇ ਬੱਚੇ ਹੁਣ ਉਨ੍ਹਾਂ ਉੱਤੇ ਨਿਰਭਰ ਨਹੀਂ ਰਹਿਣਗੇ, ਜ਼ਿੰਦਗੀ ਅਰਥਮਈ ਨਹੀਂ ਰਹੀ ਹੈ, ਉਨ੍ਹਾਂ ਦੇ ਜੀਵਨ ਵਿਚ ਕੁਝ ਵੀ ਨਹੀਂ ਬਚਿਆ ਹੈ ਆਦਿ। ਉਨ੍ਹਾਂ ਦਾ ਮਨ ਨਕਾਰਾਤਮਕ ਸੋਚਣ ਵਿਚ ਇੰਨਾ ਰੁੱਝ ਜਾਂਦਾ ਹੈ ਕਿ ਉਨ੍ਹਾਂ ਲਈ ਇਹ ਸੋਚਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਇਸ ਤਣਾਅਪੂਰਨ ਸਥਿਤੀ ਦਾ ਸਾਮ੍ਹਣਾ ਕਿਵੇਂ ਕਰਨਾ ਹੈ ਅਤੇ ਇਸ ਵਿੱਚੋਂ ਬਾਹਰ ਕਿਵੇਂ ਆਉਣਾ ਹੈ।

ਡਾ. ਮਨਦੀਪ ਨੇ ਦੱਸਿਆ ਕਿ ਇਸ ਕਰਕੇ, ਇਸ ਖੋਜ ਦਾ ਸੰਚਾਲਨ ਮਨੋਵਿਗਿਆਨ ਵਿੱਚ ‘ਐਂਪਟੀ ਨੈਸਟ ਸਿੰਡਰੋਮ’ ਦੇ ਨਾਮ ਨਾਲ਼ ਜਾਣੇ ਜਾਂਦੇ ਸਿੰਡਰੋਮ, ਜਿਸ ਨੂੰ ਕਿ ‘ਖਾਲੀ ਆਲ੍ਹਣੇ ਵਾਲਾ ਪੜਾਅ’ ਵੀ ਕਿਹਾ ਜਾ ਸਕਦਾ ਹੈ, ਦੀ ਸਥਿਤੀ ਨਾਲ ਸਿੱਝਣ ਵਿੱਚ ਮਾਪਿਆਂ ਦੀ ਸਹਾਇਤਾ ਕਰਨ ਦੇ ਤਰੀਕੇ ਲੱਭਣ ਲਈ ਅਤੇ ਉਹਨਾਂ ਨੂੰ ਇਸ ਤੱਥ ਬਾਰੇ ਸਿੱਖਿਅਤ ਕਰਨ ਲਈ ਕੀਤਾ ਗਿਆ ਸੀ ਕਿ ਉਹ ਇਕੱਲੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਵਿਲੀਅਮ ਗਲਾਸਰ ਵੱਲੋਂ ਵਿਕਸਤ ਕੀਤੀ ਗਈ ‘ਰਿਐਲਿਟੀ ਥੈਰੇਪੀ’ ਨੂੰ ਇਸ ਅਧਿਐਨ ਵਿੱਚ ਇੱਕ ਵਿਧੀ ਵਜੋਂ ਵਰਤਿਆ ਗਿਆ ਹੈ।

ਖੋਜਾਰਥੀ ਜੈਸਮੀਨ ਕੌਰ ਨੇ ਦੱਸਿਆ ਕਿ ਇਸ ਅਧਿਐਨ ਵਿੱਚ 45 ਤੋਂ 65 ਸਾਲ ਦੀ ਉਮਰ ਦੇ 400 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਅਧਿਐਨ ਨੇ ਮਾਤਾ ਅਤੇ ਪਿਤਾ ਦੋਵਾਂ ‘ਤੇ ਕੇਂਦ੍ਰਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਭਾਗੀਦਾਰਾਂ ਦੀ ਕਈ ਸਾਰੀਆਂ ਤਕਨੀਕਾਂ ਨਾਲ ਜਾਣ-ਪਛਾਣ ਕਰਵਾਈ ਗਈ ਸੀ ਕਿਉਂਕਿ ਸਾਡੇ ਟੀਚਿਆਂ ਵਿੱਚੋਂ ਇੱਕ ਇਹ ਸੀ ਕਿ ਮਾਪਿਆਂ ਨੂੰ ਇੱਕ ਮਨੋਵਿਗਿਆਨਕ ਮੁੱਢਲੀ ਸਹਾਇਤਾ ਕਿਟ ਦੇ ਰੂਪ ਵਿੱਚ ਔਜ਼ਾਰਾਂ ਨਾਲ ਲੈਸ ਕਰਨਾ ਹੈ। ਅਧਿਐਨ ਵਿੱਚ ਵਰਤੀਆਂ ਗਈਆਂ ਵੱਖ-ਵੱਖ ਤਕਨੀਕਾਂ ਨੇ ਮਾਪਿਆਂ ਨੂੰ ਨਕਾਰਾਤਮਕ ਵਿਚਾਰ ਪ੍ਰਕਿਰਿਆ ਤੋਂ ਵੱਖ ਹੋਣ ਵਿੱਚ ਮਦਦ ਕੀਤੀ। ਕੌਰਡ ਕਟਿੰਗ ਕਰਨਾ, ਮਾਨਸਿਕ ਸ਼ਾਂਤੀ ਲਈ ਡੂੰਘੇ ਸਾਹ ਲੈਣਾ, ਅਤੇ ਜੈਕਬਸਨ ਵਿਧੀ ਨਾਲ਼ ਆਰਾਮ ਕਰਨ ਦੀ ਤਕਨੀਕ ਅਜਿਹੇ ਬਹੁਤ ਸਾਰੇ ਤਰੀਕੇ ਸਨ ਜੋ ਕਾਰਗਰ ਸਿੱਧ ਹੋਏ।

ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਪਹਿਲਾਂ ਹੋਏ ਸਾਰੇ ਅਧਿਐਨਾਂ ਦੇ ਉਲਟ, ਇਹ ਖੋਜ ਦਰਸਾਉਂਦੀ ਹੈ ਕਿ ਪਿਤਾਵਾਂ ਨੂੰ ਵੀ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਵਧੀ ਹੋਈ ਸ਼ਮੂਲੀਅਤ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਕਰ ਕੇ ਮਾਵਾਂ ਵਾਂਗ ਇਸ ਸਿੰਡਰੋਮ ਦਾ ਅਨੁਭਵ ਹੁੰਦਾ ਹੈ। ਇਸ ਖੋਜ ਨੇ ਮਾਪਿਆਂ ਨੂੰ ਨਵੀਆਂ ਰੁਚੀਆਂ ਦੀ ਖੋਜ ਕਰਕੇ, ਨਵੇਂ ਰਿਸ਼ਤੇ ਬਣਾ ਕੇ, ਅਤੇ ਇੱਕ ਬਿਹਤਰ ਭਵਿੱਖ ਦੀ ਉਡੀਕ ਕਰਨ ਅਤੇ ਆਪਣੇ ਖਾਲੀ ਆਲ੍ਹਣੇ ਦੇ ਪੜਾਅ ਦਾ ਅਨੰਦ ਲੈਣ ਲਈ ਸਿੱਖਣ ਦੁਆਰਾ ਆਪਣੇ ਜੀਵਨ ਨੂੰ ਮੁੜ-ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਖੋਜ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਹੋ ਰਹੇ ਪਰਵਾਸ ਦੇ ਹਵਾਲੇ ਨਾਲ਼ ਵੇਖੀਏ ਤਾਂ ਇਹ ਖੋਜ ਬਹੁਤ ਹੀ ਸਾਰਥਿਕ ਹੈ ਜੋ ਮਨੋਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਮਦਦਗਾਰ ਸਹਾਈ ਹੋਵੇਗੀ।

Scroll to Top